Farmer from Bathinda : ਬਠਿੰਡਾ : ਪੰਜਾਬ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਕਿਸਾਨਾਂ ਵੱਲੋਂ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਪਰਾਲੀ ਨੂੰ ਬਿਨਾਂ ਝਿਜਕ ਸਾੜਿਆ ਜਾ ਰਿਹਾ ਹੈ। ਉਥੇ ਹੀ ਬਠਿੰਡਾ ਦਾ ਇੱਕ ਕਿਸਾਨ ਅਜਿਹੇ ਕਿਸਾਨਾਂ ਲਈ ਮਿਸਾਲ ਬਣਿਆ ਹੈ ਜੋ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਵੱਖ-ਵੱਖ ਤਰੀਕਿਆਂ ਨਾਲ ਕਣਕ ਦੀ ਸਫ਼ਲ ਕਾਸ਼ਤ ਕਰ ਰਿਹਾ ਹੈ। ਦੱਸਣਯੋਗ ਹੈ ਕਿ ਪਿੰਡ ਕੋਠੇ ਰਥੜੀਆਂ ਦਾ ਰਹਿਣ ਵਾਲੇ ਕਿਸਾਨ ਗੁਰਪ੍ਰੀਤ ਸਿੰਘ ਨੇ ਸਾਲ 2011 ਦੌਰਾਨ ਪਹਿਲੀ ਵਾਰ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਬੇਲਰ ਨਾਲ ਗੱਠਾਂ ਬਣਵਾਈਆਂ ਤੇ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕੀਤੀ। ਇਸ ਉਪਰੰਤ ਉਸ ਨੇ ਕਣਕ ਤੋਂ ਪੂਰਾ ਝਾੜ ਲਿਆ। ਇਸ ਤਕਨੀਕ ਰਾਹੀਂ ਕਣਕ ਦੀ ਬਿਜਾਈ ਲਈ ਸਮਾਂ ਜ਼ਿਆਦਾ ਲੱਗਣ ਕਾਰਨ ਤੇ ਪਰਾਲੀ ਨੂੰ ਜ਼ਮੀਨ ’ਚ ਮਿਲਾਉਣ ਲਈ ਸਾਲ 2013 ਦੌਰਾਨ ਚੌਪਰ ਕਮ ਥਰੈਡਰ ਦੀ ਵਰਤੋਂ ਕੀਤੀ ਤੇ ਪਰਾਲੀ ਖੇਤ ’ਚ ਦਬਾ ਕੇ ਰਾਓਣੀ ਕਰਨ ਤੋਂ ਬਾਅਦ ਕਣਕ ਦੀ ਬਿਜਾਈ ਕੀਤੀ।
ਕਿਸਾਨ ਗੁਰਪ੍ਰੀਤ ਸਿੰਘ ਨੇ ਸਾਲ 2014 ਦੌਰਾਨ ਖੇਤੀਬਾੜੀ ਵਿਭਾਗ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਤਾਲਮੇਲ ਕਰਕੇ 3 ਏਕੜ ਰਕਬੇ ਦੀ ਹੈਪੀਸੀਡਰ ਨਾਲ ਬਿਜਾਈ ਕੀਤੀ। ਇਸ ਟਰਾਇਲ ’ਚ ਚੌਪਰ ਨਾਲ ਪਰਾਲੀ ਕੱਟ ਕੇ ਕਣਕ ਦੀ ਬਿਜਾਈ ਕਰਨ ਤੋਂ ਬਾਅਦ ਕਣਕ ਦਾ ਵਧੀਆ ਝਾੜ ਪ੍ਰਾਪਤ ਕੀਤਾ। ਲਗਾਤਾਰ ਹੈਪੀਸੀਡਰ ਨਾਲ ਬਿਜਾਈ ਕਰ ਰਹੇ ਗੁਰਪ੍ਰੀਤ ਸਿੰਘ ਨੇ ਸਾਲ 2017 ’ਚ ਖੇਤੀਬਾੜੀ ਵਿਭਾਗ ਬਲਾਕ ਫੂਲ ਦੇ ਸਹਿਯੋਗ ਨਾਲ ਨਵਾਂ ਹੈਪੀਸੀਡਰ ਖਰੀਦਿਆ ਤੇ ਬਿਨਾਂ ਪਰਾਲੀ ਸਾੜੇ ਸੁਪਰ ਐਸ.ਐਮ.ਐਸ. ਨਾਲ ਝੋਨੇ ਦੀ ਕਟਾਈ ਕਰਨ ਜਾਂ ਕੰਬਾਇਨ ਨਾਲ ਲਾਈਨਾਂ ’ਚ ਕੱਢੀ ਗਈ ਪਰਾਲੀ ਨੂੰ ਮਜ਼ਦੂਰਾਂ ਰਾਹੀਂ ਖਿਲਾਰ ਕੇ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜੋ ਕਿ ਸਫ਼ਲ ਤਜ਼ਰਬਾ ਰਿਹਾ। ਇਸ ਤਕਨੀਕ ਦੌਰਾਨ ਕਣਕ ਉਗਣ ਸਮੇਂ ਕੋਈ ਮੁਸ਼ਕਲ ਨਹੀਂ ਆਈ, ਨਾ ਹੀ ਖੇਤ ’ਚ ਪਾਣੀ ਦੀ ਕੋਈ ਦਿੱਕਤ ਰਹੀ ਤੇ ਨਾ ਹੀ ਕਣਕ ਦੀ ਫ਼ਸਲ ਪੀਲੀ ਪਈ। ਇਸ ਤਕਨੀਕ ਨਾਲ ਕਣਕ ਦੀ ਕਟਾਈ ਸਮੇਂ ਪੂਰੀ ਪਰਾਲੀ ਜ਼ਮੀਨ ’ਚ ਮਿਲ ਜਾਂਦੀ ਸੀ ਤੇ ਬਿਜਾਈ ਸਮੇਂ ਖਰਚੇ ਤੇ ਸਮੇਂ ਦੀ ਬਹੁਤ ਬੱਚਤ ਹੋਈ।
ਇਸ ਉਪਰੰਤ ਗੁਰਪ੍ਰੀਤ ਸਿੰਘ ਆਲੇ-ਦੁਆਲੇ ਦੇ 4-5 ਪਿੰਡਾਂ ’ਚ ਸਫ਼ਲਤਾ ਪੂਰਵਕ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕਿਰਾਏ ’ਤੇ ਕਰਕੇ ਸਹਾਇਕ ਧੰਦੇ ਵਜੋਂ ਵੀ ਲਾਹਾ ਲੈ ਰਿਹਾ ਹੈ ਤੇ ਕਿਸਾਨਾਂ ਨੂੰ ਸਫ਼ਲ ਕਾਸ਼ਤ ਕਰਨ ਸਬੰਧੀ ਪੂਰੀ ਜਾਣਕਾਰੀ ਦੇ ਰਿਹਾ ਹੈ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਨਾਲ ਜਿਥੇ ਉਸ ਦੀ ਆਮਦਨ ਵਧੀ ਹੈ ਉਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧੀ ਹੈ। ਦੱਸਣਯੋਗ ਹੈ ਕਿ ਪਰਾਲੀ ਸਾੜਨ ਨਾਲ ਹਵਾ ਦੇ ਪ੍ਰਦੂਸ਼ਿਤ ਹੋ ਜਾਣ ਨਾਲ ਸਾਹ ਦੇ ਰੋਗਾਂ ਦੀ ਸਮੱਸਿਆ ਬਹੁਤ ਵਧ ਜਾਂਦੀ ਹੈ। ਇਸ ਸਮੇਂ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਸਕਦੀ ਹੈ। ਅਜੋਕੇ ਸਮੇਂ ਗੁਰਪ੍ਰੀਤ ਵਰਗੇ ਕਿਸਾਨ ਪਰਾਲੀ ਨਾ ਸਾੜ ਕੇ ਇੱਕ ਚੰਗੀ ਉਦਾਹਰਨ ਪੇਸ਼ ਕਰ ਰਹੇ ਹਨ।