Farmer killed in dharna : ਮਾਨਸਾ : ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਮਾਨਸਾ ਦੇ ਰੇਲਵੇ ਸਟੇਸ਼ਨ ‘ਤੇ ਲਗਾਏ ਗਏ ਕਿਸਾਨ ਮੋਰਚੇ ਵਿੱਚ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਪਛਾਣ ਪਿੰਡ ਗੁੜੱਦੀ ਦੇ ਕਿਸਾਨ ਜਗਰਾਜ ਸਿੰਘ ਪੁੱਤਰ ਮਹਿੰਦਰ ਸਿੰਘ ਵਜੋਂ ਹੋਈ ਹੈ। ਜਗਰਾਜ ਸਿੰਘ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨਾਲ ਸੰਬੰਧਤ ਸੀ। ਇਹ ਕਿਸਾਨ ਪਿਛਲੇ 17 ਦਿਨਾਂ ਤੋਂ ਲਗਾਤਾਰ ਧਰਨੇ ‘ਚ ਆ ਰਿਹਾ ਸੀ। ਅਚਾਨਕ ਸਿਹਤ ਵਿਗੜਨ ਕਾਰਨ ਉਸਨੂੰ ਸਿਵਲ ਹਸਪਤਾਲ ਮਾਨਸਾ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਸਾਂਝੀ ਤਾਲਮੇਲ ਸੰਘਰਸ਼ ਕਮੇਟੀ ਨੇ ਸੰਘਰਸ਼ ਪੰਡਾਲ ਵਿੱਚ ਮੀਟਿੰਗ ਕਰਕੇ ਮ੍ਰਿਤਕ ਕਿਸਾਨ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 10 ਲੱਖ ਰੁਪਏ ਤੇ ਪਰਿਵਾਰ ਦਾ ਸਾਰਾ ਕਰਜਾ ਮੁਆਫ ਕੀਤਾ ਜਾਵੇ। ਮ੍ਰਿਤਕ ਕਿਸਾਨ ਆਪਣੇ ਪਿੱਛੇ 2 ਬੇਟੀਆਂ ਤੇ 1 ਬੇਟਾ ਛੱਡ ਗਿਆ ਹੈ।
ਦੱਸਣਯੋਗ ਹੈ ਕਿ ਪਟਿਆਲਾ ਜ਼ਿਲ੍ਹੇ ਵਿੱਚ ਵੀ ਇੱਕ ਕਿਸਾਨ ਹਰਬੰਸ ਸਿੰਘ ਦੀ ਧਰਨੇ ਦੌਰਾਨ ਮੌਤ ਹੋ ਗਈ। ਪ੍ਰਦਰਸ਼ਨ ਵਿੱਚ ਸ਼ਾਮਲ ਕਿਸਾਨ ਹਰਬੰਸ ਸਿੰਘ ਦੀ ਧਰਨੇ ਵਿੱਚ ਸਰਕਾਰ ਖਿਲਾਫ ਨਾਅਰੇ ਲਗਾ ਰਿਹਾ ਸੀ ਤਾਂ ਅਚਾਨਕ ਹੇਠਾਂ ਡਿੱਗ ਗਿਆ। ਉਸ ਨੂੰ ਤੁਰੰਤ ਹਸਪਾਤਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਊਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਣਯੋਗ ਹੈ ਕਿ ਪਿਛਲੇ 12 ਦਿਨਾਂ ਵਿੱਚ ਧਰਨੇ ਦੌਰਾਨ ਇਹ ਕਿਸਾਨ ਦੀ ਪੰਜਵੀਂ ਮੌਤ ਹੈ। ਦੱਸ ਦੇਈਏ ਕਿ 5 ਅਕਤੂਬਰ ਨੂੰ ਬਰਨਾਲਾ ਦੇ ਮਹਿਲ ਕਲਾਂ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨੇ ‘ਤੇ ਬੈਠੇ ਕਿਸਾਨ ਆਗੂ ਜਸਪਾਲ ਸਿੰਘ ਦੀ ਮੌਤ ਹੋਈ ਸੀ, ਜੋਕਿ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੇ ਸਾਥੀ ਕਿਸਾਨਾਂ ਨੇ ਦੱਸਿਆ ਸੀ ਕਿ ਜਸਪਾਲ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ, 68 ਸਾਲਾ ਜਸਪਾਲ ਸਿੰਘ ਲੋਕਤਾਂਤ੍ਰਿਕ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਨ ਅਤੇ 4 ਦਿਨਾਂ ਤੋਂ ਕਿਸਾਨਾਂ ਦੇ ਨਾਲ ਧਰਨਾ ਦੇ ਰਹੇ ਸਨ। ਉਥੇ ਹੀ 10 ਅਕਤੂਬਰ ਨੂੰ ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਧੂਰੀ ‘ਚ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਵਿੱਚ ਇੱਕ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ, ਜਦੋਂ ਧੂਰੀ ਵਿੱਚ ਪੈਟਰੋਲ ਪੰਪ ਦੇ ਅੱਗੇ ਕਿਸਾਨਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਸੀ ਤਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਨਾਗਰੀ ਦੇ ਕਿਸਾਨ ਮੇਘਰਾਜ ਸਿੰਘ ਦੀ ਮੌਤ ਹੋ ਗਈ। ਉਸ ਤੋਂ ਬਾਅਦ 15 ਅਕਤੂਬਰ ਨੂੰ ਸੰਗਰੂਰ ਦੇ ਪਿੰਡ ਭੁੱਲਰ ਹੇੜੀ ਦੇ ਰਹਿਣ ਵਾਲੇ ਕਿਸਾਨ ਲਾਭ ਸਿੰਘ ਦੀ ਮੌਤ ਹੋ ਗਈ, ਜੋਕਿ ਰਾਤ ਨੂੰ ਧਰਨੇ ‘ਤੇ ਬੈਠਾ ਸੀ। ਅਚਾਨਕ ਉਸ ਦੀ ਤਬੀਅਤ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ।