Farmers celebrate Gurpurab : ਨਵੀਂ ਦਿੱਲੀ : ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਦਿਹਾੜਾ ਪੰਜਾਬ ਦੇ ਨਾਲ ਪੂਰੇ ਦੇਸ਼ ਵਿੱਚ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਉਥੇ ਹੀ ਆਪਣੇ ਹੱਕਾਂ ਦੇ ਸੰਘਰਸ਼ ਲਈ ਡਟੇ ਕਿਸਾਨਾਂ ਨੇ ਵੀ ਗੁਰਪੁਰਬ ਦਾ ਦਿਹਾੜਾ ਸਿੰਘੂ ਬਾਰਡਰ ’ਤੇ ਪੂਰੇ ਉਤਸ਼ਾਹ ਨਾਲ ਮਨਾਇਆ।
ਇਸ ਦੌਰਾਨ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ। ਸਵੇਰੇ ਕੌਮੀ ਸ਼ਾਹਮਾਰਗ ’ਤੇ ਮੋਮਬੱਤੀਆਂ ਜਗਾਈਆਂ ਗਈਆਂ। ਮੁੱਖ ਮੰਚ ’ਤੇ ਢਾਡੀ ਜਥੇ ਨੇ ਵੀਰ ਰਸ ਦੀਆਂ ਵਾਰਾਂ ਗਾਈਆਂ ਤੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਅਨੁਸਾਰ ਮਜ਼ਲੂਮਾਂ ਦੇ ਹੱਕ ਵਿੱਚ ਖੜ੍ਹੇ ਹੋਣ ਦਾ ਹੌਕਾ ਦਿੱਤਾ।
ਉਨ੍ਹਾਂ ਪੂਰੇ ਦੇਸ਼ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਅਤੇ ਇਸ ਅੰਦੋਲਨ ਜਿੱਤ ਲਈ ਲਈ ਅਰਦਾਸ ਕੀਤੀ। ਦਿੱਲੀ ਦੀਆਂ ਵੱਖ-ਵੱਖ ਸੰਸਥਾਵਾਂ ਨੇ ਵੀ ਸਿੰਘੂ ਬਾਰਡਰ ਵਿੱਚ ਲੰਗਰ ਚਲਾਏ ਅਤੇ ਫਲ ਵੰਡ ਵੰਡੇ।
ਬਾਬਾ ਨਾਨਕ ਨੇ ਸੰਗਤਾਂ ਨੂੰ ਹਮੇਸ਼ਾ ਕਿਰਤ ਕਰਨ ਵੰਡ ਛਕਣ ਤੇ ਨਾਮ ਜਪਣ ਦੀ ਸਿੱਖਿਆ ਦਿੱਤੀ ਹੈ। ਆਪਣੇ ਸੰਘਰਸ਼ ਲਈ ਡਟੇ ਕਿਸਾਨ ਗੁਰੂ ਸਾਹਿਬ ਦੀ ਇਸ ਸਿੱਖਿਆ ‘ਤੇ ਅਮਲ ਕਰਦੇ ਹੋਏ ਇਸ ‘ਤੇ ਪੂਰੀ ਤਰ੍ਹਾਂ ਚੱਲ ਰਹੇ ਹਨ।
ਅਜਿਹੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ ਜਿਥੇ ਕਿਸਾਨ ਭਾਵੇਂ ਆਪਣੇ ਅੰਦੋਲਨ ਵਿੱਚ ਡਟੇ ਹੋਏ ਹਨ ਪਰ ਇਸ ਦੇ ਨਾਲ ਹੀ ਉਹ ਰਾਹਗੀਰਾਂ ਦੀ ਮਦਦ ਵੀ ਕਰ ਰਹੇ ਹਨ।
ਉਹ ਆਪਣੇ ਨਾਲ ਦੂਜਿਆਂ ਨੂੰ ਵੀ ਖਾਣਾ ਖੁਆ ਰਹੇ ਹਨ। ਕਿਸਾਨ ਇਹ ਸਿੱਧ ਕਰਕੇ ਦਿਖਾ ਰਹੇ ਹਨ ਕਿ ਉਹ ਭਾਵੇਂ ਜਿਸ ਮਰਜ਼ੀ ਹਾਲਾਤ ਵਿੱਚ ਹੋਣ ਉਹ ਆਪਣਾ ਸਿੱਖੀ ਧਰਮ ਨਹੀਂ ਭੁੱਲਦੇ।