Farmers continue blockade on tracks : ਫਿਰੋਜ਼ਪੁਰ : ਪੰਜਾਬ ਵਿੱਚ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਕਿਸਾਨ ਪ੍ਰਦਰਸ਼ਨ ਮੁੜ ਸ਼ੁਰੂ ਹੋ ਗਿਆ ਹੈ। ਹਾਲਾਂਕਿ ਸੂਬੇ ਦੀਆਂ 31 ਕਿਸਾਨ ਜਥੇਬੰਦੀਆਂ ਨੇ ਮਾਲ ਗੱਡੀਆਂ ਦੇ ਨਾਲ ਮੁਸਾਫਰ ਗੱਡੀਆਂ ਚੱਲਣ ਲਈ ਸਹਿਮਤੀ ਦੇ ਦਿੱਤੀ ਹੈ ਪਰ ਇੱਕ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਜੇ ਵੀ ਆਪਣੇ ਫੈਸਲੇ ’ਤੇ ਅੜੀ ਹੋਈ ਹੈ। ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਜਦੋਂ ਤੱਕ ਕਿ ਕੇਂਦਰ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਉਨ੍ਹਾਂ ਦੀਆਂ ਮੰਗਾਂ ਦੀ ਪ੍ਰਵਾਨਗੀ ਨਹੀਂ ਦਿੰਦਾ, ਉਹ ਰਸਤਾ ਨਹੀਂ ਦੇਣਗੇ, ਜਿਸ ਦੇ ਚੱਲਦਿਆਂ ਕਿਸਾਨਾਂ ਵੱਲੋਂ ਅੰਮ੍ਰਿਤਸਰ ਨੇੜੇ ਰੇਲਵੇ ਟਰੈਕ ਜਾਮ ਕਰ ਦਿੱਤਾ ਗਿਆ ਹੈ, ਜਿਸ ਕਾਰਨ ਮੁੰਬਈ ਤੋਂ ਆ ਰਹੀ ਗੋਲਡਨ ਐਕਸਪ੍ਰੈਸ ਨੂੰ ਬਿਆਸ ਰੇਲਵੇ ਸਟੇਸ਼ਨ ’ਤੇ ਰੋਕਣਾ ਪਿਆ। ਰੇਲਵੇ ਨੇ ਕਿਸਾਨਾਂ ਵੱਲੋਂ ਪਾਈਆਂ ਜਾ ਰਹੀਆਂ ਰੁਕਾਵਟਾਂ ਦੇ ਮੱਦੇਨਜ਼ਰ ਰੇਲ ਗੱਡੀਆਂ ਚਲਾਉਣ ਵਿਚ ਅਸਮਰੱਥਾ ਜ਼ਾਹਰ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਰੇਲਵੇ ਨੇ ਹੈੱਡਕੁਆਰਟਰ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਸੰਭਾਵਤ ਤੌਰ ‘ਤੇ ਇਸ ਸਬੰਧ ਵਿਚ ਕੋਈ ਅੰਤਿਮ ਫੈਸਲਾ ਲਏਗਾ।
ਇਸ ਬਾਰੇ ਬੋਲਦਿਆਂ ਵਧੀਕ ਡਵੀਜ਼ਨਲ ਰੇਲ ਮੈਨੇਜਰ (ਏ.ਡੀ.ਆਰ.ਐਮ.) ਵੀ.ਪੀ.ਸਿੰਘ ਨੇ ਕਿਹਾ ਕਿ ਰਾਜ ਸਰਕਾਰ ਦੇ ਭਰੋਸੇ ਤੋਂ ਬਾਅਦ ਰੇਲਵੇ ਨੇ ਰੇਲ ਸੇਵਾਵਾਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਹਨ ਪਰ ਕਿਸਾਨਾਂ ਨੇ ਅੱਜ ਸਵੇਰੇ 3 ਵਜੇ ਮੁੜ ਜੰਡਿਆਲਾ ਗੁਰੂ ਵਿਖੇ ਰੇਲਵੇ ਟਰੈਕ ਜਾਮ ਕਰ ਦਿੱਤਾ, ਜਿਸ ਕਾਰਨ ਮੁੰਬੱਈ ਤੋਂ ਅੰਮ੍ਰਿਤਸਰ ਆ ਰਹੀ ਗੱਡੀ ਨੂੰ ਬਿਆਸ ਤੋਂ ਤਰਨਤਾਰਨ ਦੇ ਰਸਤੇ ਮੋੜਨਾ ਪਿਆ।
ਇਕ ਹੋਰ ਰੇਲਗੱਡੀ ਵੀ ਡਾਗਰਾ ਰੇਲਵੇ ਸਟੇਸ਼ਨ ‘ਤੇ ਰੁਕੀ ਹੋਈ ਹੈ ਕਿਉਂਕਿ ਕਿਸਾਨਾਂ ਵੱਲੋਂ ਰੇਲਵੇ ਟਰੈਕ ਖਾਲੀ ਨਹੀਂ ਕੀਤਾ ਗਿਆ ਹੈ। ਪਹਿਲਾਂ ਉਨ੍ਹਾਂ ਨੇ ਸਿਰਫ ਯਾਤਰੀ ਗੱਡੀਆਂ ਨੂੰ ਰੋਕਣ ਦਾ ਸੰਕੇਤ ਦਿੱਤਾ ਸੀ ਪਰ ਹੁਣ ਉਹ ਮਾਲ ਗੱਡੀਆਂ ਨੂੰ ਚਲਾਉਣ ਲਈ ਵੀ ਟਰੈਕ ਖਾਲੀ ਨਹੀਂ ਕਰ ਰਹੇ ਹਨ। ਵੀ.ਪੀ.ਸਿੰਘ ਨੇ ਕਿਹਾ ਕਿ ਕਿਸਾਨ ਹੁਣ ਕਹਿ ਰਹੇ ਹਨ ਕਿ ਉਹ ਪਹਿਲਾਂ ਟ੍ਰੇਨ ਨੂੰ ਵੇਖਣਗੇ ਅਤੇ ਮਾਲ ਗੱਡੀ ਹੋਣ ‘ਤੇ ਹੀ ਇਸ ਨੂੰ ਚੱਲਣ ਦੀ ਆਗਿਆ ਦੇਣਗੇ ਅਤੇ ਅਜਿਹੀ ਸਥਿਤੀ ਵਿਚ ਰੇਲ ਗੱਡੀਆਂ ਚਲਾਉਣਾ ਸੰਭਵ ਨਹੀਂ ਹੈ।