Farmers form legal team : ਕਿਸਾਨਾਂ ਦਾ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਦਿੱਲੀ ਬਾਰਡਰਾਂ ‘ਤੇ ਲਗਾਤਾਰ ਜਾਰੀ ਹੈ। ਕਿਸਾਨਾਂ ਦਾ ਦਾਅਵਾ ਹੈ ਕਿ ਸਿੰਘੂ ਬਾਰਡਰ ਦੀ ਘਟਨਾ ਤੋਂ ਬਾਅਦ ਇਹ ਅੰਦੋਲਨ ਹੋਰ ਵੀ ਮਜ਼ਬੂਤ ਹੋਇਆ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਖੇਤੀ ਕਾਨੂੰਨ ਰੱਦ ਕਰਵਾਉਣ ਵਾਸਤੇ ਗੱਲਬਾਤ ਕਰਨ ਲਈ ਤਿਆਰ ਹਨ। ਪਰ ਗੱਲਬਾਤ ਕਰਨ ਤੋਂ ਪਹਿਲਾਂ ਸਰਕਾਰ ਗੱਲਬਾਤ ਕਰਨ ਦਾ ਮਾਹੌਲ ਤਿਆਰ ਕਰੇ। ਪੰਜਾਬ ਅਤੇ ਹਰਿਆਣਾ ਅਤੇ ਹੋਰ ਪੂਰੇ ਦੇਸ਼ ਵਿੱਚ ਲੱਖਾਂ ਹਜਾਰਾਂ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ। ਅੰਦੋਲਨ ਵਿੱਚ ਹਰਿਆਣਾ ਅਤੇ ਪੰਜਾਬ ਤੋਂ ਹਜ਼ਾਰਾਂ ਕਿਸਾਨ ਪਹੁੰਚੇ ਹਨ ਭਾਵੇਂ ਕਿ ਸਰਕਾਰ ਨੇ ਪਹਿਲਾਂ ਦੇ ਮੁਕਾਬਲੇ ਬੈਰੀਕੇਡਿੰਗ ਜਿਆਦਾ ਸਖਤ ਕਰ ਦਿੱਤੀ ਹੈ ਪਰ ਸਿੰਘੂ ਬਾਰਡਰ ਵਾਲਾ ਰਸਤਾ ਚੱਲ ਰਿਹਾ ਹੈ। ਅੱਜ ਹੋਈ ਕਿਸਾਨਾਂ ਦੀ ਪ੍ਰੈੱਸ ਕਾਨਫਰੰਸ ਵਿੱਚ ਆਗੂਆਂ ਨੇ ਕਿਹਾ ਕਿ ਉਹ ਗੱਲਬਾਤ ਕਰਨ ਲਈ ਤਿਆਰ ਹਾਂ। ਸਰਕਾਰ ਤਿੰਨ ਖੇਤੀ ਕਾਨੂੰਨ ਵਾਪਿਸ ਲੈਣ ਅਤੇ ਸਰਕਾਰੀ ਖਰੀਦ ਵਾਲਾ ਕਾਨੂੰਨ ਬਣਾਵੇ। ਪਰ ਗੱਲਬਾਤ ਕਰਨ ਤੋਂ ਪਹਿਲਾਂ ਸਰਕਾਰ ਗੱਲਬਾਤ ਕਰਨ ਦਾ ਮਾਹੌਲ ਤਿਆਰ ਕਰੇ।
ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਕਿਸਾਨ ਮਜਦੂਰ ਜਥੇਬੰਦੀ ਵੱਲੋਂ ਫਰੀ ਕਾਨੂੰਨੀ ਸਹਾਇਤਾ ਵਾਲਾ ਸੈੱਲ ਤਿਆਰ ਕਰ ਦਿੱਤਾ ਹੈ, ਉਸ ਵਿੱਚ ਵਕੀਲਾਂ ਦਾ ਪੈਨਲ ਤਿਆਰ ਕਰ ਦਿੱਤਾ ਹੈ ਜੋ ਦਿੱਲੀ ਲੀਗਲ ਸੈੱਲ ਨਾਲ ਸਾਂਝ ਬਣਾ ਕੇ ਚੱਲੇਗਾ। ਜਿਹੜੇ ਨੌਜਵਾਨਾਂ ਨੂੰ 26 ਜਨਵਰੀ ਦੀ ਘਟਨਾ ਜਾਂ ਉਸ ਤੋਂ ਬਾਅਦ ਵੀ ਬਾਰਡਰਾਂ ਤੋਂ ਜਿਵੇਂ ਸਿੰਘੂ , ਟਿੱਕਰੀ ਤੇ ਗਾਜੀਪੁਰ ਆਦਿ ਥਾਵਾਂ ਤੋਂ ਚੁੱਕਣ ਦੀਆਂ ਖਬਰਾਂ ਆਈਆਂ ਹਨ, ਉਹਨਾਂ ਨੂੰ ਰਿਹਾਅ ਕੀਤਾ ਜਾਵੇ । ਜੇਕਰ ਪੁਲਿਸ ਉਨ੍ਹਾਂ ਨੂੰ ਨਹੀਂ ਰਿਹਾਅ ਕਰਦੀ ਤਾਂ ਅਸੀਂ ਆਪਣੀ ਕਾਨੂੰਨੀ ਟੀਮ ਨੂੰ ਵੀ ਬੁਲਾਇਆ ਹੈ, ਜਿਨ੍ਹਾਂ ਨੂੰ ਨਾਲ ਲੈ ਕੇ ਪੁਲਿਸ ਕਮਿਸ਼ਨਰ ਦਿੱਲੀ ਨੂੰ ਮਿਲਿਆ ਜਾਵੇਗਾ। ਜੇਕਰ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਹਾਈਕੋਰਟ ਵਿੱਚ ਰਿੱਟ ਕਰਾਂਗੇ।
ਕਿਸਾਨਾਂ ਨੇ ਦੋਸ਼ ਲਗਾਇਆ ਕਿ ਭਾਜਪਾ ਆਗੂਆਂ ਦੀ ਅਗਵਾਈ ਵਿੱਚ ਗੁੰਡਿਆਂ ਵੱਲੋਂ ਸ਼ਾਂਤਮਈ ਬੈਠੇ ਕਿਸਾਨਾਂ ਉਪਰ ਹਮਲਾ ਕੀਤਾ ਗਿਆ । ਇੰਨੀ ਵੱਡੀ ਗਿਣਤੀ ਮਾਤਰਾ ਵਿੱਚ ਆਏ ਲੋਕਾਂ ‘ ਤੇ ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ । ਉਲਟਾ ਕਿਸਾਨਾਂ ਵਿਰੁੱਧ ਧਾਰਾ 307 ਲਗਾ ਕੇ ਪਰਚੇ ਕੀਤੇ ਗਏ ਹਨ । ਅਸੀ ਹਮਲਾਵਰਾਂ ਅਤੇ ਉਨ੍ਹਾਂ ਦੇ ਆਗੂਆਂ ਖਿਲਾਫ ਦਰਖਾਸਤ ਦੇ ਦਿੱਤੀ ਹੈ, ਜਿਹੜੇ ਨੌਜਵਾਨਾਂ ਨੂੰ ਪੁਲਿਸ ਚੁੱਕ ਕੇ ਲੈ ਗਈ ਸੀ, ਉਹਨਾਂ ਨੂੰ ਪੁਲਿਸ ਦੁਆਰਾ ਐਫ.ਆਈ.ਆਰ. ਵਿੱਚ ਰੱਖਿਆ ਗਿਆ ਹੈ ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਤਿੰਨ ਕਾਲੇ ਕਾਨੂੰਨ ਬਣਾਉਣ ਅਤੇ ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਦੀ ਗਾਰੰਟੀ ਵਾਲਾ ਕਾਨੂੰਨ ਬਣਾਉਣ ਆਦਿ ਤੱਕ ਸ਼ਾਂਤਮਈ ਕਿਸਾਨੀ ਧਰਨਾ ਜਾਰੀ ਹੈ । ਉਨ੍ਹਾਂ ਦੇਸ਼ ਵਾਸੀਆਂ ਨੂੰ ਅਫਵਾਹਾਂ ਉੱਤੇ ਧਿਆਨ ਨਾ ਦੇਣ ਦੀ ਬੇਨਤੀ ਕੀਤੀ।