Farmers make open announcement : ਸ੍ਰੀ ਮੁਕਤਸਰ ਸਾਹਿਬ : ਸਰਕਾਰ ਵੱਲੋਂ ਕਿਸਾਨਾਂ ਨੂੰ ਲਗਾਤਾਰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਕਿਸਾਨਾਂ ਨੇ ਸਰਕਾਰ ਦੀ ਇਸ ਅਪੀਲ ਦੀ ਪਰਵਾਹ ਨਾ ਕਰਦੇ ਹੋਏ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ। ਉਥੇ ਹੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਭਾਗਸਰ ਵਿਖੇ ਇੱਕ ਸਾਂਝੀ ਜਗ੍ਹਾ ’ਤੇ ਇਕੱਠੇ ਹੋਏ ਕਿਸਾਨਾਂ ਨੇ ਇਹ ਐਲਾਨ ਕੀਤਾ ਕਿ ਉਹ 19 ਅਕਤੂਬਰ ਤੋਂ ਦੁਪਹਿਰ 2 ਵਜੇ ਆਪਣੇ ਖੇਤਾਂ ਵਿੱਚ ਪਈ ਪਰਾਲੀ ਨੂੰ ਅੱਗ ਹਵਾਲੇ ਕਰਨਗੇ ਤੇ ਸਰਕਾਰਾਂ ਦੀ ਘੁਰਕੀ ਤੋਂ ਜਰ੍ਹਾ ਵੀ ਨਹੀਂ ਡਰਨਗੇ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਇਕੱਤਰ ਹੋਏ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਕੋਲ ਹੋਰ ਕੋਈ ਹੱਲ ਨਹੀਂ ਹੈ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਨਹੀਂ ਚੱਲ ਰਹੀ ਤੇ ਸਿਰਫ ਕਿਸਾਨਾਂ ’ਤੇ ਹੀ ਪਰਚੇ ਦਰਜ ਕਰਨ ਦੀਆਂ ਧਮਕੀਆਂ ਦੇ ਰਹੀ ਹੈ। ਕਿਸਾਨਾਂ ਨੇ ਇਹ ਵੀ ਕਿਹਾ ਕਿ ਨਰਮੇ ਦੀ ਖਰੀਦ ਸਰਕਾਰੀ ਕਰਨ ਤੋਂ ਸਰਕਾਰ ਆਨਾਕਾਨੀ ਕਰ ਰਹੀ ਹੈ ਅਤੇ ਝੋਨੇ ਤੇ ਵੀ ਆੜ੍ਹਤੀਆਂ ਵੱਲੋਂ ਕੱਟ ਲਾਇਆ ਜਾ ਰਿਹਾ ਹੈ, ਪਰ ਜਥੇਬੰਦੀ ਅਜਿਹਾ ਹੋਣ ਨਹੀਂ ਦੇਵੇਗੀ। ਕਿਸਾਨਾਂ ਨੇ ਖੁੱਲ੍ਹਾ ਐਲਾਨ ਕੀਤਾ ਕਿ ਉਹ 19 ਅਕਤੂਬਰ ਤੋਂ ਦੁਪਹਿਰ 2 ਵਜੇ ਤੋਂ ਖੇਤਾਂ ਅੰਦਰ ਪਰਾਲੀ ਨੂੰ ਅੱਗ ਲਗਾਉਣਗੇ ਤੇ ਸਰਕਾਰ ਦੀ ਕਿਸੇ ਵੀ ਕਾਰਵਾਈ ਜਾਂ ਦਬਾਅ ਨੂੰ ਨਹੀਂ ਮੰਨਣਗੇ।
ਦੱਸਣਯੋਗ ਹੈ ਕਿ ਪੂਰੇ ਸੂਬੇ ਵਿੱਚ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਚੱਲਦਿਆਂ ਸੂਬੇ ਭਰ ਅੰਦਰ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ-ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਥੇ ਹੀ ਝੋਨੇ ਦੀ ਵਾਢੀ ਹੋਣ ਕਾਰਨ ਰਹਿੰਦ-ਖੂਹੰਦ ਦੀ ਸਮੱਸਿਆ ਸਾਹਮਣੇ ਆ ਰਹੀ ਹੈ, ਜਿਸ ‘ਤੇ ਸਰਕਾਰ ਲਗਾਤਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਕਹਿ ਰਹੀ ਹੈ ਪਰ ਅਜੇ ਵੀ ਸੂਬੇ ਵਿੱਚ ਵੱਡੀ ਗਿਣਤੀ ਵਿੱਚ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆ ਰਹੇ ਹਨ।