Farmers stop shooting of Bollywood actress : ਖੇਤੀਬਾੜੀ ਕਾਨੂੰਨਾਂ ਬਾਰੇ ਕਿਸਾਨਾਂ ਦਾ ਗੁੱਸਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸ਼ਨੀਵਾਰ ਨੂੰ ਪਟਿਆਲਾ ਦੇ ਭੂਪਿੰਦਰਾ ਰੋਡ ਦੇ ਨੇੜੇ ਫਿਲਮ ‘ਗੁੱਡ ਲੱਕ ਜੈਰੀ’ ਦੀ ਸ਼ੂਟਿੰਗ ਚੱਲ ਰਹੀ ਸੀ, ਜਿਵੇਂ ਹੀ ਕਿਸਾਨਾਂ ਨੂੰ ਇਸ ਗੱਲ ਦਾ ਪਤਾ ਲੱਗਾ, ਉਹ ਵੱਡੀ ਗਿਣਤੀ ਵਿਚ ਸ਼ੂਟਿੰਗ ਵਾਲੀ ਥਾਂ ‘ਤੇ ਪਹੁੰਚੇ ਅਤੇ ਸ਼ੂਟਿੰਗ ਰੁਕਵਾ ਦਿੱਤੀ। ਕਿਸਾਨਾਂ ਦੇ ਗੁੱਸੇ ਨੂੰ ਦੇਖਦਿਆਂ ਫਿਲਮ ਦੀ ਅਦਾਕਾਰਾ ਜਾਹਨਵੀ ਕਪੂਰ ਅਤੇ ਪੂਰੀ ਟੀਮ ਹੋਟਲ ਵਾਪਸ ਪਰਤ ਗਈ।
ਹਾਲਾਂਕਿ ਕਿਸਾਨਾਂ ਦਾ ਗੁੱਸਾ ਨਹੀਂ ਇਥੇ ਹੀ ਨਹੀਂ ਰੁਕਿਆ, ਉਨ੍ਹਾਂ ਨੇ ਹੋਟਲ ਦੇ ਬਾਹਰ ਪਹੁੰਚ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਕਿਸਾਨੀ ਕਾਨੂੰਨ ਨੂੰ ਰੱਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪੰਜਾਬ ਵਿੱਚ ਕਿਸੇ ਵੀ ਹਿੰਦੀ ਫਿਲਮ ਦੀ ਸ਼ੂਟਿੰਗ ਨਹੀਂ ਹੋਣ ਦਿੱਤੀ ਜਾਵੇਗੀ।
ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਕਿਸਾਨਾਂ ਨੇ ਸ਼ੂਟਿੰਗ ਵਾਲੀ ਥਾਂ ‘ਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਫਿਲਮ ਦੀ ਟੀਮ ਨੇ ਉਨ੍ਹਾਂ ਨਾਲ ਗੱਲ ਕਰਕੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਸਾਨ ਸਹਿਮਤ ਨਹੀਂ ਹੋਏ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਵਿਚ ਕਿਸੇ ਵੀ ਫਿਲਮੀ ਸ਼ਖਸੀਅਤ ਨੇ ਉਨ੍ਹਾਂ ਦਾ ਸਮਰਥਨ ਨਹੀਂ ਕੀਤਾ। ਜਦੋਂ ਕਿ ਇਹ ਲੋਕ ਸਿਰਫ ਲੋਕਾਂ ਦੀ ਬਦੌਲਤ ਹੀ ਸਫਲਤਾ ਦੀਆਂ ਸਿਖਰਾਂ ਤੇ ਪਹੁੰਚ ਜਾਂਦੇ ਹਨ।
ਇਨਕਲਾਬੀ ਕਿਸਾਨ ਯੂਨੀਅਨ ਦੇ ਆਗੂ ਗੁਰਧਿਆਨ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਨਹੀਂ ਸੁਣ ਰਹੀ। ਇਸ ਦੇ ਨਾਲ ਹੀ ਫਿਲਮੀ ਸਿਤਾਰਿਆਂ ਨੇ ਕਿਸਾਨਾਂ ਦੇ ਹੱਕ ਵਿਚ ਆਪਣੀ ਆਵਾਜ਼ ਨਹੀਂ ਬੁਲਾਈ ਹੈ। ਇਸ ਕਾਰਨ ਕਿਸਾਨਾਂ ਵਿੱਚ ਰੋਸ ਹੈ। ਦੱਸਣਯੋਗ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਕਿਸਾਨ ਕੜਾਕੇ ਦੀ ਠੰਡ ਵਿੱਚ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਬਾਰਡਰਾਂ ‘ਤੇ ਸੰਘਰਸ਼ ਕਰ ਰਹੇ ਹਨ ਪਰ ਕੇਂਦਰ ਸਰਕਾਰ ਕਾਨੂੰਨਾਂ ਨੂੰ ਰੱਦ ਕਰਨ ਲਈ ਤਿਆਰ ਨਹੀਂ ਹੈ।