Farmers stopped paddy trucks : ਫ਼ਤਿਹਗੜ੍ਹ ਸਾਹਿਬ : ਪੰਜਾਬ ਵਿੱਚ ਯੂਪੀ ਤੋਂ ਲਿਆਂਦੇ ਜਾ ਰਹੇ ਝੋਨੇ ਦੇ ਚਾਰ ਵੱਡੇ ਟਰਾਲਿਆਂ ਨੂੰ ਜ਼ਿਲ੍ਹਾ ਪ੍ਰੀਸ਼ਦ ਫਤਿਹਗੜ੍ਹ ਸਾਹਿਬ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਵੱਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚ ਦਾਖਲ ਹੋਣ ਤੋਂ ਰੋਕ ਲਿਆ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਮਾਰਕੀਟ ਕਮੇਟੀ ਸਰਹਿੰਦ ਦੇ ਹਵਾਲੇ ਕਰ ਦਿੱਤਾ। ਮਾਰਕੀਟ ਕਮੇਟੀ ਵੱਲੋਂ ਇਸ ਸੰਬੰਧੀ ਕਾਰਵਾਈ ਕੀਤੀ ਜਾਵੇਗੀ। ਮਿਲੀ ਜਾਣਕਾਰੀ ਮੁਤਾਬਕ ਟਰਾਲਾ ਡਰਾਈਵਰ ਸੁਖਬੀਰ ਸਿੰਘ ਝੋਨੇ ਦੇ ਇਨ੍ਹਾਂ ਟਰੱਕਾਂ ਨੂੰ ਯੂਪੀ ਤੋਂ ਲੈ ਕੇ ਆਇਆ ਸੀ ਅਤੇ ਇਸਨੂੰ ਅੰਮ੍ਰਿਤਸਰ ਲੈ ਕੇ ਜਾਣਾ ਸੀ, ਯੂਪੀ ਤੋਂ ਲਿਆਂਦੇ ਗਏ ਇਸ ਝੋਨੇ ਨੂੰ ਪੰਜਾਬ ਵਿੱਚ ਵੇਚਿਆ ਜਾਣਾ ਸੀ। ਪਰ ਕਿਸਾਨਾਂ ਨੇ ਇਸ ਨੂੰ ਜ਼ਿਲ੍ਹੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਰੋਕ ਦਿੱਤਾ।
ਇਸ ਮਾਮਲੇ ਸੰਬੰਧੀ ਮਾਰਕੀਟ ਕਮੇਟੀ ਸਰਹਿੰਦ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਉੱਚ ਅਧਿਕਾਰੀਆਂ ਨਾਲ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਤੋਂ ਬਾਹਰੋਂ ਜੇਕਰ ਇਸ ਤਰ੍ਹਾਂ ਝੋਨਾ ਮੰਗਵਾਇਆ ਜਾਵੇਗਾ ਤਾਂ ਕਿਸਾਨਾਂ ਦੀ ਫਸਲ ਸੂਬੇ ਵਿੱਚ ਕੌਣ ਖਰੀਦੇਗਾ। ਕਿਉਂਕਿ ਇਸ ਝੋਨੇ ਨਾਲ ਪੰਜਾਬ ਦੇ ਸ਼ੈਲਰਾਂ ਅਤੇ ਖਰੀਦ ਏਜੰਸੀਆਂ ਦਾ ਕੋਟਾ ਸਮੇਂ ਤੋਂ ਪਹਿਲਾਂ ਹੀ ਪੂਰਾ ਹੋ ਜਾਵੇਗਾ। ਉਥੇ ਹੀ ਅਜੇ ਤੱਕ ਝੋਨੇ ਦੀਆਂ ਫਸਲਾਂ ਦੀ ਵਾਢੀ ਵੀ ਨਹੀਂ ਹੋਈ ਹੈ। ਇਸ ਤਰ੍ਹਾਂ ਤਾਂ ਪੰਜਾਬ ਵਿੱਚ ਫਸਲ ਵੇਚਣ ਨੂੰ ਲੈ ਕੇ ਕਿਸਾਨਾਂ ਦੀ ਪ੍ਰੇਸ਼ਾਨੀ ਵਧ ਜਾਵੇਗੀ।