Farmers surrounds agri officers : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਵਾੜ੍ਹਾ ਕਿਸ਼ਨਪੁਰਾ ’ਚ ਅੱਜ ਕਿਸਾਨਾਂ ਨੇ ਪਰਾਲੀ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਪੜਤਾਲ ਕਰਨ ਆਏ ਖੇਤੀਬਾੜੀ ਵਿਭਾਗ ਗਿੱਦੜਬਾਹਾ ਤੋਂ ਆਏ ਅਧਿਕਾਰੀਆਂ ਦੀ ਘੇਰਾਬੰਦੀ ਕਰ ਲਈ। ਇਸ ਘਟਨਾਂ ਦੀ ਸੂਚਨਾ ਮਿਲਦਿਆਂ ਹੀ ਦੋਦਾ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ, ਜਿਨ੍ਹਾਂ ਨੇ ਕਿਸਾਨਾਂ ਨੂੰ ਸ਼ਾਂਤ ਕਰਵਾ ਕੇ ਖੇਤੀਬਾੜੀ ਅਧਿਕਾਰੀਆਂ ਨੂੰ ਉਥੋਂ ਵਾਪਿਸ ਭੇਜ ਦਿੱਤਾ। ਕਿਸਾਨਾਂ ਨੇ ਮੰਗ ਕੀਤੀ ਜੇ ਜੇਕਰ ਸਰਕਾਰ ਸੱਚਮੁੱਚ ਚਾਹੁੰਦੀ ਹੈ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਤਾਂ ਕਿਸਾਨਾਂ ਨੂੰ ਝੋਨੇ ’ਤੇ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ, ਨਹੀਂ ਤਾਂ ਮਜਬੂਰੀ ਵੱਸ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾਉਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਪ੍ਰਸ਼ਾਸਨ ਅਧਿਕਾਰੀ ਅਜਿਹਾ ਕਰਨ ਤੋਂ ਰੋਕਣ ਲਈ ਆਵੇਗਾ ਤਾਂ ਪ੍ਰਸ਼ਾਸਨ ਜਾਂ ਉਹ ਖੁਦ ਜਿੰਮੇਵਾਰ ਹੋਵੇਗਾ।
ਦੱਸਣਯੋਗ ਹੈ ਕਿ ਗਿੱਦੜਬਾਹਾ ਤੋਂ ਏ.ਡੀ.ਓ. ਜਗਦੀਪ ਸਿੰਘ, ਸ਼ਿੰਦਰਪਾਲ ਸਿੰਘ ਏ.ਐਸ.ਆਈ. ਅਤੇ ਨੋਡਲ ਅਫਸਰ ਜਗਮੀਰ ਸਿੰਘ ਏ.ਟੀ.ਐਮ. ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਦੀ ਪੜਤਾਲ ਕਰਨ ਉਹ ਪਿੰਡ ਵਿੱਚ ਪਹੁੰਚੇ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਉਨ੍ਹਾਂ ਦੀ ਘੇਰਾਬੰਦੀ ਕਰਕੇ ਘਿਰਾਓ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਬਿਨ੍ਹਾਂ ਕਿਸੇ ਸਰਪੰਚ, ਪੰਚ ਜਾਂ ਪਿੰਡ ਦੇ ਚੌਂਕੀਦਾਰ ਨੂੰ ਇਤਲਾਹ ਦਿੱਤੇ ਸਿੱਧੇ ਕਿਸਾਨ ਦੇ ਖੇਤ ਅੰਦਰ ਜਾ ਕੇ ਬਿਨਾਂ ਵਜ੍ਹਾ ਪ੍ਰੇਸ਼ਾਨ ਕਰਨ ਨੂੰ ਕਿਸੇ ਹਾਲਤ ’ਚ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਸਬੰਧੀ ਖੇਤੀਬਾੜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਸੈਟੇਲਾਈਟ ਰਾਹੀਂ ਪਰਾਲੀ ਸਾੜਨ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ, ਜਿਸ ਦੀ ਲੋਕੇਸ਼ਨ ਦੀ ਪੜਤਾਲ ਕਰਨ ਦੀ ਡਿਊਟੀ ਲੱਗੀ ਹੋਈ ਹੈ ਅਤੇ ਅੱਜ ਵੀ ਇਸੇ ਸੰਬੰਧੀ ਉਹ ਪੜਤਾਲ ਕਰਨ ਗਏ ਸਨ। ਜਿਸ ’ਤੇ ਕਿਸਾਨ ਜੱਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਪਰੋਕਤ ਸਾਰੀ ਘਟਨਾ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ।