Farmers take 400 employees : ਬਠਿੰਡਾ ’ਚ ਮੰਗਲਵਾਰ ਨੂੰ ਡੀਸੀ ਬਠਿੰਡਾ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਮਿਲਣ ਗਏ ਕਿਸਾਨਾਂ ਦੀ ਮੀਟਿੰਗ ਬੇਨਤੀਜਾ ਰਹਿਣ ’ਤੇ ਗੁੱਸੇ ਵਿੱਚ ਆਏ ਕਿਸਾਨਾਂ ਨੇ ਸ਼ਾਮ 5 ਵਜੇ ਮਿੰਨੀ ਸਕੱਤਰੇਤ ਦੇ ਗੇਟਾਂ ਦਾ ਘੇਰਾਅ ਕੀਤਾ। ਇਸ ਨਾਲ ਵੱਖ-ਵੱਖ ਵਿਭਾਗਾਂ ਦੇ 400 ਤੋਂ ਵੱਧ ਮੁਲਾਜ਼ਮ ਤੇ ਲੋਕ ਢਾਈ ਘੰਟੇ ਤੱਕ ਬੰਧਕ ਬਣੇ ਰਹੇ। ਹਾਲਾਂਕਿ, ਮੁਲਾਜ਼ਮਾਂ ਨੇ ਕੰਧਾਂ ਟੱਪ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਉਹ ਕਿਸਾਨਾਂ ਦੇ ਗੁੱਸੇ ਅੱਗੇ ਹਿੰਮਤ ਨਾ ਕਰ ਸਕੇ।
ਸ਼ਾਮ 7 ਵਜੇ ਡੀਸੀ ਨੇ ਮੀਟਿੰਗ ਬੁਲਾ ਕੇ ਸ਼ੁੱਕਰਵਾਰ ਤੱਕ ਸਾਰੀਆਂ ਮੰਗਾਂ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਕਿਸਾਨਾਂ ਨੇ ਘੇਰਾਅ ਖ਼ਤਮ ਕੀਤਾ। 7.30 ਵਜੇ ਸਾਰੇ ਮੁਲਾਜ਼ਮ ਬਾਹਰ ਨਿਕਲ ਸਕੇ। ਦੱਸਣਯੋਗ ਹੈ ਕਿ ਮੰਗਾਂ ਨੂੰ ਲੈ ਕੇ ਕਿਸਾਨ 11 ਵਜੇ ਸਕੱਤਰੇਤ ਦੇ ਸਾਹਮਣੇ ਇਕੱਠੇ ਹੋਏ ਸਨ। ਦੁਪਹਿਰ 2 ਵਜੇ ਡੀਸੀ ਬੀ ਸ਼੍ਰੀਨਿਵਾਸਨ ਨੇ ਸ਼ਾਮ 4.15 ਵਜੇ ਤੱਕ ਮੰਗਾਂ ਸੰਬੰਧੀ ਫੈਸਲਾ ਲੈਣ ਦਾ ਭਰੋਸਾ ਦਿੱਤਾ। ਬਾਅਦ ਵਿੱਚ ਮੀਟਿੰਗ ਵਿੱਚ ਕੁਝ ਤਸੱਲੀਬਖਸ਼ ਜਵਾਬ ਨਹੀਂ ਮਿਲਿਆ ਜਿਸ ਕਾਰਨ ਗੁੱਸੇ ਵਿੱਚ ਆਏ ਕਿਸਾਨਾਂ ਵੱਲੋਂ ਮਿਨੀ ਸਕੱਤਰੇਤ ਦਾ ਘੇਰਾਅ ਕੀਤਾ ਗਿਆ।
ਕੀ ਹੈ ਮਾਮਲਾ : ਪਿਛਲੇ ਸਾਲ ਜੈਤੋ ਮੋਰਚੇ ਵਿੱਚ ਇੱਕ ਸੰਘਰਸ਼ ਦੌਰਾਨ ਕਿਸਾਨ ਜਗਸੀਰ ਸਿੰਘ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸਰਕਾਰ ਅਤੇ ਪ੍ਰਸ਼ਾਸਨ ਨੇ ਮੰਗਾਂ ਨੂੰ ਤੁਰੰਤ ਲਾਗੂ ਕਰਨ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਨੇ ਪੀੜਤ ਪਰਿਵਾਰ ਦੇ ਕਰਜ਼ੇ ਮੁਆਫ ਕਰਨ, ਇੱਕ ਮੈਂਬਰ ਨੂੰ ਨੌਕਰੀ, ਪਰਾਲੀ ਸਾੜਣ ਵਾਲਿਆਂ ’ਤੇ ਦਰਜ ਕੇਸ, ਜੁਰਮਾਨੇ ਆਦਿ ਰੱਦ ਕਰਨ ਅਤੇ ਮੰਡੀ ਕਲਾ ਨਗਰ ਪੰਚਾਇਤ ਨੂੰ ਗ੍ਰਾਮ ਪੰਚਾਇਤ ਵਿੱਚ ਬਹਾਲ ਕਰਨ ਸੰਬੰਧੀ ਮੰਗਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਸੀ।