Farmers will block highways : ਕਿਸਾਨਾਂ ਨੂੰ ਕੇਂਦਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦਿੱਲੀ ਸਰਹੱਦਾਂ ’ਤੇ ਅੱਜ 134ਵਾਂ ਦਿਨ ਹੈ। ਕਿਸਾਨਾਂ ਦੀਆਂ ਮੁਸ਼ਕਲਾਂ ਅਜੇ ਵੀ ਹੱਲ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਕੇਂਦਰ ਸਰਕਾਰ ਕਾਨੂੰਨ ਰੱਦ ਨਾ ਕਰਨ ਦੇ ਆਪਣੇ ਫੈਸਲੇ ’ਤੇ ਅੜੀ ਹੋਈ ਹੈ ਤੇ ਕਿਸਾਨ ਵੀ ਅੰਦੋਲਨ ਜਾਰੀ ਰੱਖਣ ’ਤੇ ਡਟੇ ਹੋਏ ਹਨ। ਸੰਯੁਕਤ ਕਿਸਾਨ ਮੋਰਚਾ ਨੇ ਅੱਜ ਪ੍ਰੈੱਸ ਨੋਟ ਜਾਰੀ ਕਰਕੇ ਕਿਸਾਨ ਅੰਦੋਲਨ ਦੀ ਅਗਲੀ ਰਣਨੀਤੀ ਦਾ ਐਲਾਨ ਕੀਤਾ।

ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਦੱਸਿਆ ਕਿ ਕੱਲ੍ਹ 10 ਅਪ੍ਰੈਲ ਨੂੰ ਕੇਐਮਪੀ-ਕੇਜੀਪੀ ਹਾਈਵੇ ਨੂੰ ਸਰਕਾਰ ਨੂੰ ਚੇਤਾਵਨੀ ਵਜੋਂ ਸਵੇਰੇ 8 ਵਜੇ ਤੋਂ ਅਗਲੇ ਦਿਨ ਸਵੇਰੇ 8 ਵਜੇ ਤੱਕ ਜਾਮ ਕੀਤਾ ਜਾਵੇਗਾ। ਖਾਲਸਾ ਪੰਥ ਦਾ ਸਥਾਪਨਾ ਦਿਵਸ 13 ਅਪ੍ਰੈਲ ਨੂੰ ਦਿੱਲੀ ਦੇ ਕਿਸਾਨ -ਮੋਰਚਿਆਂ ‘ਤੇ ਮਨਾਇਆ ਜਾਵੇਗਾ ਅਤੇ ਜਲ੍ਹਿਆਂਵਾਲਾ ਬਾਗ ਕਾਂਡ ਦੇ ਸ਼ਹੀਦਾਂ ਦੀ ਯਾਦ ‘ਚ ਵੀ ਪ੍ਰੋਗਰਾਮ ਹੋਣਗੇ। ‘ਸੰਵਿਧਾਨ ਬਚਾਓ’ ਦਿਵਸ ਅਤੇ ‘ਕਿਸਾਨ ਬਹੁਜਨ ਏਕਤਾ ਦਿਵਸ’ 14 ਅਪ੍ਰੈਲ ਨੂੰ ਮਨਾਇਆ ਜਾਵੇਗਾ। ਇਸ ਦਿਨ ਸੰਯੁਕਤ ਕਿਸਾਨ ਮੋਰਚਾ ਦੇ ਸਾਰੇ ਮੰਚ ਬਹੁਜਨ ਸਮਾਜ ਦੇ ਅੰਦੋਲਨਕਾਰੀ ਚਲਾਉਣਗੇ ਅਤੇ ਸਾਰੇ ਬੁਲਾਰੇ ਵੀ ਬਹੁਜਨ ਹੋਣਗੇ।

ਡਾ. ਦਰਸ਼ਨਪਾਲ ਨੇ ਕਿਹਾ ਕਿ ਨਫ਼ਰਤ ਅਤੇ ਫੁੱਟ ਪਾਉਣ ਦੀ ਨੀਤੀ ਵਿੱਚ ਭਾਜਪਾ ਦੇ ਆਗੂ ਹਰਿਆਣੇ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆਪਸ ਵਿੱਚ ਲੜਾਉਣ ਲਈ ਵੱਖ-ਵੱਖ ਭੜਕਾਊ ਪ੍ਰੋਗਰਾਮ ਕਰ ਸਕਦੇ ਹਨ। ਅਸੀਂ ਸਾਰੇ ਦਲਿਤ-ਬਹੁਜਨਾਂ ਅਤੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸ਼ਾਂਤਮਈ ਰਹਿੰਦੇ ਹੋਏ ਇਨ੍ਹਾਂ ਤਾਕਤਾਂ ਦਾ ਵਿਰੋਧ ਕਰਨ। ਇਸੇ ਦਿਨ ਹਰਿਆਣਾ ਦੇ ਉਪ ਮੁੱਖ ਮੰਤਰੀ ਨੇ ਜਾਣਬੁੱਝ ਕੇ ਕੈਥਲ ਵਿਚ ਇਕ ਪ੍ਰੋਗਰਾਮ ਤੈਅ ਕੀਤਾ ਹੈ, ਅਸੀਂ ਕਿਸਾਨਾਂ ਅਤੇ ਦਲਿਤ-ਬਹੁਜਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸ਼ਾਂਤਮਈ ਰਹਿੰਦੇ ਹੋਏ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਇਸ ਪ੍ਰੋਗਰਾਮ ਵਿੱਚ ਰੋਹ ਪ੍ਰਦਰਸ਼ਨ ਕਰਨ।

ਕਿਸਾਨ ਆਗੂ ਨੇ ਅੱਗੇ ਦੱਸਿਆ ਕਿ 18 ਅਪ੍ਰੈਲ ਨੂੰ ਇਸ ਅੰਦੋਲਨ ਵਿਚ ਸਥਾਨਕ ਲੋਕਾਂ ਦੀ ਸ਼ਮੂਲੀਅਤ ਅਤੇ ਸਮਰਪਣ ਦਾ ਸਨਮਾਨ ਕਰਦਿਆਂ ਸਾਰੇ ਮੋਰਚਿਆਂ ‘ਤੇ ਸਥਾਨਕ ਲੋਕਾਂ ਦਾ ਸਨਮਾਨ ਕੀਤਾ ਜਾਵੇਗਾ। ਉਸ ਦਿਨ ਸਟੇਜ ਨੂੰ ਚਲਾਉਣ ਦੀ ਜ਼ਿੰਮੇਵਾਰੀ ਵੀ ਸਥਾਨਕ ਲੋਕਾਂ ਨੂੰ ਦਿੱਤੀ ਜਾਵੇਗੀ। 20 ਅਪ੍ਰੈਲ ਨੂੰ ਧੰਨਾ ਭਗਤ ਦੇ ਜਨਮ ਦਿਹਾੜੇ ‘ਤੇ ਉਨ੍ਹਾਂ ਦੀ ਪਿੰਡ ਧੋਆ ਕਲਾਂ ਤੋਂ ਮਿੱਟੀ ਦਿੱਲੀ ਦੇ ਮੋਰਚਿਆਂ’ ਤੇ ਲਿਆਂਦੀ ਜਾਵੇਗੀ ਅਤੇ ਉਨ੍ਹਾਂ ਦੀ ਯਾਦ ਵਿਚ ਟਿੱਕਰੀ ਬਾਰਡਰ ‘ਤੇ ਪ੍ਰੋਗਰਾਮ ਹੋਣਗੇ। 24 ਅਪ੍ਰੈਲ ਨੂੰ ਜਦੋਂ ਦਿੱਲੀ ਮੋਰਚੇ ਨੂੰ 150 ਦਿਨ ਪੂਰੇ ਹੋ ਰਹੇ ਹਨ, ਹਫ਼ਤੇ ਭਰ ਦੇ ਵਿਸ਼ੇਸ਼ ਪ੍ਰੋਗਰਾਮ ਕੀਤੇ ਜਾਣਗੇ ਜਿਸ ਵਿੱਚ ਕਿਸਾਨ, ਮਜ਼ਦੂਰਾਂ ਦੇ ਨਾਲ ਨਾਲ ਕਰਮਚਾਰੀ, ਵਿਦਿਆਰਥੀ, ਨੌਜਵਾਨ, ਕਾਰੋਬਾਰੀ ਅਤੇ ਹੋਰ ਜਥੇਬੰਦੀਆਂ ਨੂੰ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਵੇਗਾ। ਅਪ੍ਰੈਲ ਦੇ ਆਖਰੀ ਹਫ਼ਤੇ ਵਿੱਚ ਦੇਸ਼ ਭਰ ਵਿੱਚ ਇਸ ਅੰਦੋਲਨ ਨੂੰ ਤੇਜ਼ ਕਰਨ ਦੀ ਯੋਜਨਾ ਨਾਲ, ਦੇਸ਼ ਭਰ ਵਿੱਚ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਵਾਲੀਆਂ ਜਥੇਬੰਦੀਆਂ ਦਾ ਇੱਕ ਰਾਸ਼ਟਰੀ ਪੱਧਰ ਤੇ ਕਨਵੈਨਸ਼ਨ ਕੀਤੀ ਜਾਵੇਗੀ। ਵਿਚਾਰ-ਵਟਾਂਦਰੇ ਤੋਂ ਬਾਅਦ ਮੋਰਚੇ ਦੀ ਅਗਲੀ ਬੈਠਕ ਵਿਚ ਸੰਸਦ ਮਾਰਚ ਦੀ ਨਿਰਧਾਰਤ ਮਿਤੀ ਦਾ ਐਲਾਨ ਕੀਤਾ ਜਾਵੇਗਾ।