Farmers will celebrate Black Diwali : ਪੰਜਾਬ ਵਿੱਚ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਬੁੱਧਵਾਰ ਨੂੰ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਅੰਮ੍ਰਿਤਸਰ ਦੇ ਅੰਤਰਰਾਜੀ ਬੱਸ ਟਰਮੀਨਲ ’ਤੇ ਬੱਸਾਂ ’ਤੇ ਕਾਲੇ ਝੰਡੇ ਅਤੇ ਪੋਸਟਰ ਲਗਾਏ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਸਮੁੱਚੇ ਪੰਜਾਬ ਵਿੱਚ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਹੈ। ਇੱਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਪੰਜਾਬ ਵਿੱਚ ਕਿਸਾਨ ਇਸ ਸਾਲ ਕਾਲੀ ਦੀਵਾਲੀ ਮਨਾ ਰਹੇ ਹਨ।
ਦੱਸਣਯੋਗ ਹੈ ਕਿ ਤਿੰਨ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਸੂਬੇ ਵਿੱਚ ਰੇਲ ਆਵਾਜਾਈ ਕਿਸਾਨਾਂ ਵੱਲੋਂ ਰੋਕੀ ਗਈ ਹੈ। ਕਿਸਾਨ ਲੰਮੇ ਸਮੇਂ ਤੋਂ ਇਸ ਵਿਰੁੱਧ ਸੰਘਰਸ਼ ਕਰ ਰਹੇ ਹਨ। ਇਸ ਮੁੱਦੇ ‘ਤੇ ਗੱਲ ਕਰਨ ਲਈ ਕੇਂਦਰ ਸਰਕਾਰ ਨੇ 13 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਨੂੰ ਸੱਦਾ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਯੂਨੀਅਨਾਂ ਨੂੰ ਸੂਬੇ ਵਿੱਚ ਮੁਸਾਫਰ ਗੱਡੀਆਂ ਚਲਾਉਣ ਦੀ ਇਜਾਜ਼ਤ ਦੇਣ ਲਈ ਰੇਲ ਰੋਕਾਂ ਨੂੰ ਪੂਰਨ ਤੌਰ ‘ਤੇ ਹਟਾਉਣ ਦੀ ਅਪੀਲ ਵੀ ਕੀਤੀ ਹੈ।
ਕਿਉਂ ਜੋ ਸਾਡੇ ਫੌਜੀਆਂ ਸਮੇਤ ਵੱਡੀ ਗਿਣਤੀ ਵਿੱਚ ਪੰਜਾਬੀ ਸੂਬੇ ਵਿੱਚ ਰੇਲ ਆਵਾਜਾਈ ਬੰਦ ਹੋਣ ਕਾਰਨ ਦੀਵਾਲੀ ਦੇ ਤਿਉਹਾਰ ‘ਤੇ ਆਪਣੇ ਘਰ ਪਰਤਣ ਤੋਂ ਅਸਮਰੱਥ ਹਨ। ਰੇਲ ਰੋਕਾਂ ਹਟਾਉਣ ਨਾਲ ਇਨ੍ਹਾਂ ਸੈਨਿਕਾਂ ਅਤੇ ਹੋਰਾਂ ਨੂੰ ਆਪਣੇ ਪਰਿਵਾਰਾਂ ਨਾਲ ਤਿਉਹਾਰ ਮਨਾਉਣ ਵਿੱਚ ਸਹਾਇਤਾ ਮਿਲੇਗੀ। ਉਧਰ ਕਿਸਾਨ ਜਥੇਬੰਦੀਆਂ ਕੇਂਦਰ ਨਾਲ ਗੱਲਬਾਤ ਤੋਂ ਪਹਿਲਾਂ 12 ਨਵੰਬਰ ਨੂੰ ਮੀਟਿੰਗ ਕਰਨਗੀਆਂ, ਜਿਸ ਵਿੱਚ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਕਿ ਇਸ ਵਿਚ ਕਿਹੜੇ ਮੁੱਦੇ ਉਠਾਏ ਜਾਣੇ ਹਨ। ਉਥੇ ਹੀ ਕੇਂਦਰ ਸਰਕਾਰ ਨੇ ਬੀਤੇ ਦਿਨ ਲਿਖਤੀ ਤੌਰ ‘ਤੇ ਪੰਜਾਬ ਦੀਆਂ 29 ਜਥੇਬੰਦੀਆਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਹੈ।
ਦੱਸਣਯੋਗ ਹੈ ਕਿ 13 ਨਵੰਬਰ ਨੂੰ ਹੋਣ ਵਾਲੀ ਇਹ ਬੈਠਕ ਦੋ ਕਾਰਨਾਂ ਕਰਕੇ ਮਹੱਤਵਪੂਰਨ ਹੈ। ਪਹਿਲਾਂ ਇਹ ਕਿ ਕਿਸਾਨ ਜੱਥੇਬੰਦੀਆਂ ਝੁਕੀਆਂ ਹਨ, ਜਦੋਂਕਿ 14 ਅਕਤੂਬਰ ਨੂੰ ਜਦੋਂ ਮੰਤਰੀਆਂ ਦੀ ਗੈਰ ਹਾਜ਼ਰੀ ਕਾਰਨ ਮੀਟਿੰਗ ਅਸਫਲ ਰਹੀ, ਤਾਂ ਉਨ੍ਹਾਂ ਐਲਾਨ ਕੀਤਾ ਕਿ ਹੁਣ ਉਹ ਦਿੱਲੀ ਨਹੀਂ ਆਉਣਗੇ, ਸਰਕਾਰ ਨੂੰ ਚੰਡੀਗੜ੍ਹ ਆਉਣਾ ਪਏਗਾ। ਦੂਜਾ, ਕੇਂਦਰ ਸਰਕਾਰ ਨੇ ਕਿਹਾ ਸੀ ਕਿ ਇਹ ਸਭ ਤੋਂ ਪਹਿਲਾਂ ਸੈਕਟਰੀ ਪੱਧਰ ‘ਤੇ ਹੋਵੇਗਾ, ਫਿਰ ਉਸ ਤੋਂ ਬਾਅਦ ਇਹ ਮੰਤਰੀ ਪੱਧਰ ‘ਤੇ ਹੋਵੇਗਾ। ਹੁਣ ਕੇਂਦਰ ਸਰਕਾਰ ਨੇ ਆਪਣੇ ਸੀਨੀਅਰ ਮੰਤਰੀਆਂ ਨੂੰ ਵੀ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਲਈ ਸ਼ਾਮਲ ਕੀਤਾ ਹੈ।