Farmers will march on this day : ਅੱਜ ਕਿਸਾਨ ਅੰਦੋਲਨ ਦਾ 37ਵਾਂ ਦਿਨ ਹੈ।ਕਿਸਾਨ ਦਿੱਲੀ ਦੀਆਂ ਬਰੂਹਾਂ ‘ਤੇ ਕੜਾਕੇਦਾਰ ਅਤੇ ਸ਼ੀਤਲਹਿਰ ਵਾਲੀ ਠੰਡ ‘ਚ ਆਪਣੇ ਹੱਕਾਂ ਲਈ ਡਟੇ ਹੋਏ ਹਨ।ਕਿਸਾਨਾਂ ਅਤੇ ਸਰਕਾਰ ਵਿਚਾਲੇ 6ਵੇਂ ਦੌਰ ਦੀ ਗੱਲਬਾਤ ‘ਚ ਕੋਈ ਹੱਲ ਨਹੀਂ ਨਿਕਲਿਆ ਸੀ।ਹੁਣ ਗੱਲ ਆਰ-ਪਾਰ ਲਾਉਣ ਲਈ 4 ਜਨਵਰੀ ਨੂੰ 7ਵੇਂ ਦੌਰ ਦੀ ਬੈਠਕ ਤੈਅ ਕੀਤੀ ਗਈ ਹੈ।ਕਿਸਾਨਾਂ ਨੂੰ ਵੀ ਇਸ ਬੈਠਕ ਤੋਂ ਉਮੀਦ ਹੈ। ਪਰ ਜੇਕਰ ਇਸ ਮੀਟਿੰਗ ਵਿੱਚ ਵੀ ਕੋਈ ਹੱਲ ਨਾ ਨਿਕਲਿਆ ਤਾਂ 6 ਜਨਵਰੀ ਨੂੰ ਟਰੈਕਟਰ ਮਾਰਚ ਕਰਨੇ।
ਕਿਸਾਨ ਆਗੂ ਯੁੱਧਵੀਰ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਯੂਨੀਅਨਾਂ ਵਿਚਾਲੇ 4 ਜਨਵਰੀ ਦੀ ਮੀਟਿੰਗ ਵਿਚ ਕੋਈ ਠੋਸ ਫੈਸਲਾ ਨਾ ਲਿਆ ਗਿਆ ਤਾਂ ਅਸੀਂ 6 ਜਨਵਰੀ ਨੂੰ ਟਰੈਕਟਰ ਮਾਰਚ ਕਰਾਂਗੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਿਸਾਨਾਂ ਨੇ 31 ਦਸੰਬਰ ਨੂੰ ਟਰੈਕਟਰ ਮਾਰਚ ਕੱਢਣ ਦਾ ਫੈਸਲਾ ਕੀਤਾ ਸੀ ਪਰ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਾਲੇ ਛੇਵੇਂ ਦੌਰ ਦੀ ਮੀਟਿੰਗ ਵਿੱਚ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ 2 ਮੰਗਾਂ ਮੰਨੀਆਂ ਹਨ। ਜਿਸ ਵਿੱਚ ਬਿਜਲੀ ਸੋਧ ਬਿੱਲ ਅਤੇ ਪਰਾਲੀ ‘ਤੇ ਸਰਕਾਰ ਨੇ ਸਹਿਮਤੀ ਦਿੱਤੀ ਹੈ , ਭਾਵ ਸਰਕਾਰ ਬਿਜਲੀ ਸੋਧ ਬਿੱਲ ਨਹੀਂ ਲਿਆਵੇਗੀ ਪਰ ਤਿੰਨ ਖੇਤੀ ਕਾਨੂੰਨਾਂ ‘ਤੇ ਅਜੇ ਸਹਿਮਤੀ ਨਹੀਂ ਬਣੀ। ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਦੋ ਮੁੱਦਿਆਂ ‘ਤੇ ਸਹਿਮਤੀ ਬਣਨ ਤੋਂ ਬਾਅਦ ਕਿਸਾਨਾਂ ਨੇ ਵੀ 31 ਦਸੰਬਰ ਨੂੰ ਕੀਤਾ ਜਾਣ ਵਾਲਾ ਟਰੈਕਟਰ ਮਾਰਚ ਮੁਲਤਵੀ ਕਰ ਦਿੱਤਾ ਹੈ।
4 ਜਨਵਰੀ ਨੂੰ ਹੋਣ ਵਾਲੀ ਗੱਲਬਾਤ ਤੋਂ ਪਹਿਲਾਂ 80 ਕਿਸਾਨ ਸੰਗਠਨਾਂ ਦੇ ਨੇਤਾ ਅੱਗੇ ਦੀ ਰਣਨੀਤੀ ਨੂੰ ਲੈ ਕੇ ਮੰਥਨ ਕਰ ਰਹੇ ਹਨ। ਇਸ ਬੈਠਕ ਦੌਰਾਨ ਸਰਕਾਰ ਨਾਲ ਗੱਲਬਾਤ ਦੇ ਪ੍ਰਸਤਾਵ ਅਤੇ ਅੰਦੋਲਨ ਨੂੰ ਲੈ ਕੇ ਰਣਨੀਤੀ ਬਣਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਕਿਸਾਨ ਅਤੇ ਸਰਕਾਰ ਵਿਚਾਲੇ 6ਵੇਂ ਦੌਰ ਦੀ ਗੱਲਬਾਤ ‘ਚ ਪੂਰਾ ਹੱਲ ਨਹੀਂ ਨਿਕਲਿਆ। ਖੇਤੀ ਕਾਨੂੰਨਾਂ ਦੇ ਵਿਰੁੱਧ ਸਿੰਘੂ ਬਾਰਡਰ ‘ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਅੱਜ 37ਵੇਂ ‘ਚ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ। ਇਸ ਦੌਰਾਨ ਕੜਾਕੇ ਦੀ ਠੰਡ ਵਿੱਚ ਕਈ ਕਿਸਾਨਾਂ ਦੀ ਵੀ ਜਾਨ ਜਾ ਰਹੀ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਹੁਣ 7ਵੇਂ ਦੌਰ ਮੀਟਿੰਗ ਵਿੱਚ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਦੀ ਹੈ ਜਾਂ ਨਹੀਂ।