Father and son commit : ਜਲੰਧਰ ਵਿਚ ਬੀਤੇ ਦਿਨ ਪਿਓ-ਪੁੱਤਰ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਸਵੇਰੇ ਬਜ਼ੁਰਗ ਪਿਓ ਦੀ ਲਾਸ਼ ਪੀਏਪੀ ਚੌਕ ’ਤੇ ਮਿਲੀ। ਜਦੋਂ ਪੁਲਿਸ ਉਸ ਦੇ ਪਰਿਵਾਰ ਕੋਲ ਪਹੁੰਚੀ ਤਾਂ ਪਤਾ ਲੱਗਾ ਕਿ ਉਸ ਦੇ ਪੁੱਤਰ ਨੇ ਵੀ ਦੇਰ ਰਾਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬਜ਼ੁਰਗ ਦਿਮਾਗੀ ਤੌਰ ’ਤੇ ਠੀਕ ਨਹੀਂ ਸੀ ਅਤੇ ਉਸ ਦੀ ਮੌਤ ਜ਼ਹਿਰ ਖਾਧੇ ਜਾਣ ਨਾਲ ਹੋਈ ਹੈ। ਉਸ ਦਾ ਪੁੱਤਰ ਵੀ ਉਸ ਨੂੰ ਲੈ ਕੇ ਪ੍ਰੇਸ਼ਾਨ ਰਹਿੰਦਾ ਸੀ।
ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ ਮਲਕੀਤ ਰਾਮ ਦੀ ਲਾਸ਼ ਜਲੰਧਰ ਦੇ ਪੀਏਪੀ ਚੌਕ ’ਤੇ ਮਿਲੀ ਸੀ। ਪੁਲਿਸ ਮ੍ਰਿਤਕ ਦੇ ਪਰਿਵਾਰ ਤੱਕ ਪਹੁੰਚੀ ਤਾਂ ਪਤਾ ਲੱਗਾ ਕਿ ਇਸ ਤੋਂ ਪਹਿਲਾਂ ਸੋਮਵਾਰ ਰਾਤ ਨੂੰ ਉਸ ਦੇ ਬੇਟੇ ਰਿੰਕੂ ਨੇ ਵੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਮ੍ਰਿਤਕ ਪਿਓ ਦੇ ਭਰਾ ਜੀਤਰਾਮ ਨੇ ਪੁਲਿਸ ਨੂੰ ਦੱਸਿਆ ਕਿ ਉਸ ਮਲਕੀਤ ਰਾਮ ਚਾਰ ਸਾਲਾਂ ਤੋਂ ਦਿਮਾਗੀ ਤੌਰ ’ਤੇ ਠੀਕ ਨਾ ਹੋਣ ਕਾਰਨ ਉਸ ਦਾ ਇਲਾਜ ਚੱਲ ਰਿਹਾ ਸੀ। ਉਹ ਪਿੰਡ ਵਿਚ ਘੁੰਮਦਾ ਰਹਿੰਦਾ ਸੀ। ਉਸ ਦੇ ਇਕਲੌਤਾ ਪੁੱਤਰ ਰਿੰਕੂ ਵੀ ਸਿੱਧਾ-ਸਾਦਾ ਹੀ ਸੀ ਤੇ ਗੋਰਾਇਆ ਵਿਚ ਇਕ ਫਰਨੀਚਰ ਦੀ ਦੁਕਾਨ ’ਤੇ ਕੰਮ ਕਰਦਾ ਸੀ। ਰਿੰਕੂ ਦੀ ਮਾਂ ਸੋਮਾ ਨਵਾਂਸ਼ਹਿਰ ਵਿਚ ਆਪਣੇ ਪੇਕੇ ਗਈ ਹੋਈ ਸੀ ਤੇ ਮਲਕੀਤ ਵੀ ਪਿੰਡ ਵਿਚ ਕਿਤੇ ਨਜ਼ਰ ਨਹੀਂ ਆਇਆ। ਰਾਤ ਨੂੰ ਰਿੰਕੂ ਘਰ ਵਿਚ ਇਕੱਲਾ ਸੀ। ਜਦੋਂ ਸਵੇਰੇ ਉਹ ਉਸ ਦੇ ਘਰ ਗਿਆ ਤਾਂ ਰਿੰਕੂ ਦੀ ਲਾਸ਼ ਫਾਂਸੀ ਨਾਲ ਝੂਲ ਰਹੀ ਸੀ।
ਰਿੰਕੂ ਦੀ ਲਾਸ਼ ਦੇਖ ਕੇ ਉਸ ਨੇ ਆਪਣੇ ਭਤੀਜੇ ਨਿਰਮਲ ਅਤੇ ਜਗਦੀਸ਼ ਨੂੰ ਬੁਲਾਇਆ ਪਰ ਰਿੰਕੂ ਦੀ ਮੌਤ ਹੋ ਚੁੱਕੀ ਸੀ। ਇਸੇ ਦੌਰਾਨ ਮਲਕੀਤ ਰਾਮ ਦੀ ਲਾਸ਼ ਪੀਏਪੀ ਚੌਂਕ ਵਿਚ ਮਿਲਣ ਦੀ ਖਬਰ ਮਿਲੀ। ਇਸ ਤੋਂ ਪਹਿਲਾਂ ਲੋਕ ਸਮਝ ਰਹੇ ਸਨ ਕਿ ਮਲਕੀਤ ਆਪਣੇ ਰਿਸ਼ਤੇਦਾਰੀ ਵਿਚ ਗਿਆ ਹੋਇਆ ਹੈ। ਇਸ ਦੌਰਾਨ ਮੌਕੇ ਤੋਂ ਕੋਈ ਵੀ ਸੁਸਾਈਡ ਨੋਟ ਵੀ ਨਹੀਂ ਮਿਲਿਆ ਹੈ। ਇਸ ਬਾਰੇ ਗੋਰਾਇਆ ਦੀ ਉਪ ਚੌਕੀ ਧੁਲੇਤਾ ਦੇ ਇੰਚਰਾਜ ਸੁਖਵਿੰਦਰ ਨੇ ਥਾਣਾ ਗੋਰਾਇਆ ਵਿਚ ਸੀਆਰਪੀਸੀ ਦੀ ਧਾਰਾ-174 ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲਾਸ਼ਾਂ ਕਬਜ਼ੇ ਵਿਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।