ਫਾਜ਼ਿਲਕਾ ਦੇ ਜਲਾਲਾਬਾਦ ਦੇ ਪਿੰਡ ਚੱਕ ਮੁਹੰਮਦੇ ਵਾਲਾ ਵਿਚ ਪੰਚਾਇਤੀ ਜ਼ਮੀਨ ‘ਤੇ ਕਾਬਜ਼ 3 ਪਰਿਵਾਰਾਂ ਤੋਂ ਲਗਭਗ 6 ਏਕੜ ਜ਼ਮੀਨ ਨੂੰ ਛੁਡਵਾਇਆ। ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਤੇ ਉਪ ਮੰਡਲ ਅਧਿਕਾਰੀ ਬਲਕਰਨ ਸਿੰਘ ਦੀ ਮੌਜੂਦਗੀ ਵਿਚ ਬੀਡੀਪੀਓ ਪਿਆਰ ਸਿੰਘ ਨੇ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਇਹ ਨਾਜਾਇਜ਼ ਕਬਜ਼ਾ ਛੁਡਵਾਇਆ। ਕਬਜ਼ਾ ਖਾਲੀ ਕਰਵਾਉਣ ਦੀ ਕਾਰਵਾਈ ਦੌਰਾਨ ਪਿੰਡ ਪੂਰੀ ਤਰ੍ਹਾਂ ਤੋਂ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਿਆ।
ਮਾਹੌਲ ਕਾਫੀ ਤਣਾਅਪੂਰਨ ਬਣ ਗਿਆ ਤੇ ਪੰਚਾਇਤੀ ਜ਼ਮੀਨ ‘ਤੇ ਕਬਜ਼ਾ ਖਾਲੀ ਕਰਵਾਉਣ ਗਈ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਦੀ ਟੀਮ ਤੇ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਵਿਚ ਤਣਾਅ ਹੋ ਗਿਆ। ਪੂਰੀ ਕਾਰਵਾਈ ਦੌਰਾਨ ਵਿਭਾਗੀ ਟੀਮ ਨੇ ਸਰਕਾਰੀ ਜ਼ਮੀਨ ਵਿਚ ਨਾਜਾਇਜ਼ ਕਾਸ਼ਤ ਕੀਤੀ ਗਈ ਕਣਕ ਦੀ ਫਸਲ ਨੂੰ ਟਰੈਕਟਰ ਨਾਲ ਜੋਤ ਦਿੱਤਾ।
ਇਸ ਦੌਰਾਨ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਨੂੰ ਕਬਜ਼ਾ ਮੁਕਤ ਕਰਵਾਉਣ ਦੀ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿਚ 6 ਏਕੜ ਤੋਂ ਵੱਧ ਜ਼ਮੀਨ ਦਾ ਕਬਜ਼ਾ ਛੁਡਵਾਇਆ ਗਿਆ ਹੈ।
ਦੂਜੇ ਪਾਸੇ ਬੀਡੀਪੀਓ ਪਿਆਰ ਸਿੰਘ ਨੇ ਦੱਸਿਆ ਕਿ ਪਿਛਲੇ ਢਾਈ ਦਹਾਕੇ ਤੋਂ ਲਗਭਗ 12 ਪਰਿਵਾਰਾਂ ਨੇ ਵਿਭਾਗ ਦੀ 13 ਏਕੜ ਜ਼ਮੀਨ ‘ਤੇ ਕਬਜ਼ਾ ਕੀਤਾ ਹੋਇਆ ਸੀ। ਉਕਤ ਕਬਜ਼ਾਧਾਰਕਾਂ ਦੇ ਵਿਰੁੱਧ ਵਿਭਾਗ ਨੇ ਹਾਈਕੋਰਟ ਵਿਚ ਕੇਸ ਵੀ ਕੀਤਾ ਹੋਇਆ ਸੀ। ਜਿਸ ਦਾ ਫੈਸਲਾ ਵਿਭਾਗ ਦੇ ਪੱਖ ਵਿਚ ਆਉਣ ਦੇ ਬਾਅਦ ਬੀਤੀ 7 ਜਨਵਰੀ ਨੂੰ ਡੀਡੀਪੀਓ ਅਦਾਲਤ ਤੋਂ ਬੇਦਖਲੀ ਵਾਰੰਟ ਮਿਲਣ ਦੇ ਬਾਅਦ ਕਾਰਵਾਈ ਅਮਲ ਵਿਚ ਲਿਆਂਦੀ ਗਈ।
ਇਹ ਵੀ ਪੜ੍ਹੋ : ਮੋਹਾਲੀ ‘ਚ ਵੱਡਾ ਹਾ.ਦਸਾ, ਕੇਟਰਿੰਗ ਦੇ ਗੋਦਾਮ ‘ਚ ਫੱ.ਟਿ.ਆ ਸਿਲੰਡਰ, ਇੱਕ ਵਿਅਕਤੀ ਦੀ ਮੌ.ਤ, ਦੋ ਜ਼ਖਮੀ
ਇਸ ਦੌਰਾਨ 6 ਏਕੜ ਤੇ 6 ਕਨਾਲ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਇਆ ਗਿਆ ਹੈ। ਬੀਡੀਪੀਓ ਨੇ ਦੱਸਿਆ ਕਿ ਹੁਣ ਤੱਕ ਇਲਾਕੇ ਵਿਚ ਲਗਭਗ 9 ਹਜ਼ਾਰ ਏਕੜ ਜ਼ਮੀਨ ਦਾ ਕਬਜ਼ਾ ਛੁਡਵਾਇਆ ਗਿਆ ਹੈ ਜਿਸ ਵਿਚ ਇਸ ਤੋਂ ਪਹਿਲਾਂ ਪਿੰਡ ਚੱਕ ਬਜੀਦ, ਬੱਘੇ ਕੇ ਉਤਾੜ ਵਿਚ ਲੋਕਾਂ ਦੇ ਸਹਿਯੋਗ ਨਾਲ ਪੰਚਾਇਤੀ ਜ਼ਮੀਨਾਂ ਤੋਂ ਕਬਜ਼ਾ ਛੁਡਵਾਇਆ ਗਿਆ ਹੈ। ਬੀਡੀਪੀਓ ਨੇ ਕਿਹਾ ਕਿ ਵਿਭਾਗ ਦੀ ਮੁਹਿੰਮ ਨੇੜਲੇ ਭਵਿੱਖ ਵਿਚ ਵੀ ਜਾਰੀ ਰਹੇਗੀ ਤੇ ਪੰਚਾਇਤੀ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ –