FC Taxation Charge withdraws : ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੋਂ ਫਾਈਨਾਂਸ਼ੀਅਲ ਕਮਿਸ਼ਨਰ ਟੈਕਸੇਸ਼ਨ ਦਾ ਵਧੀਕ ਚਾਰਜ ਵਾਪਿਸ ਲੈ ਲਿਆ ਗਿਆ ਹੈ। ਉਨ੍ਹਾਂ ਦੀ ਥਾਂ ਹੁਣ ਵੇਣੂ ਪ੍ਰਸਾਦ ਆਈਏਐਸ ਨੂੰ ਇਹ ਵਧੀਕ ਚਾਰਜ ਸੌਂਪਿਆ ਗਿਆ ਹੈ। ਵੇਣੂ ਪ੍ਰਸਾਦ ਦੇ ਕੋਲ ਪ੍ਰਿੰਸੀਪਲ ਸੈਕਟਰੀ ਵਾਟਰ ਰਿਸੋਰਸ ਤੋਂ ਇਲਾਵਾ ਪ੍ਰਿੰਸੀਪਲ ਸੈਕਟਰੀ ਮਾਈਨਜ਼ ਐਂਡ ਜਿਓਲਾਜੀ, ਪਾਵਰ ਦਾ ਵਾਧੂ ਚਾਰਜ ਵੀ ਹੈ। ਇਸ ਕੜੀ ਵਿਚ ਉਹ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦਾ ਵਾਧੂ ਚਾਰਜ ਵੀ ਸੰਭਾਲ ਰਹੇ ਹਨ।
ਬੀਤੇ ਦਿਨ ਬਾਕਾਇਦਾ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਹਾਲਾਂਕਿ ਵੇਣੂ ਪ੍ਰਸਾਦ ਤਤਕਾਲ ਇਸ ਚਾਰਜ ਨਹੀਂ ਸੰਭਾਲਣਗੇ ਕਿਉਂਕਿ ਉਹ 20 ਮਈ ਤੱਕ ਕੈਜੁਅਲ ਲੀਵ ’ਤੇ ਹਨ। ਅਜਿਹੇ ਵਿਚ 20 ਮਈ ਤੱਕ ਆਈਏਐਸ ਅਧਿਕਾਰੀ ਅਨਿਰੁੱਧ ਤਿਵਾੜੀ ਫਾਈਨਾਂਸ਼ੀਅਲ ਕਮਿਸ਼ਨਰ ਦਾ ਚਾਰਜ ਸੰਭਾਲਣਗੇ। ਦੱਸਣਯੋਗ ਹੈ ਕਿ ਇਹ ਹੁਕਮ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਪੰਜਾਬ ਦੇ ਸੀਨੀਅਰ ਮੰਤਰੀਆਂ ਮਨਪ੍ਰੀਤ ਸਿੰਘ ਬਾਦਲ ਅਤੇ ਚਰਨਜੀਤ ਸਿੰਘ ਚੰਨੀ ਨਾਲ ਹੋਈ ਖਿੱਚੋਤਾਣ ਤੋਂ ਦੋ ਦਿਨ ਬਾਅਦ ਆਏ ਹਨ। ਹਾਲਾਂਕਿ ਸ. ਮਨਪ੍ਰੀਤ ਸਿੰਘ ਬਾਦਲ ਦੇ ਕਹਿਣ ਮੁਤਾਬਕ ਉਨ੍ਹਾਂ ਨੂੰ ਮੁੱਖ ਸਕੱਤਰ ਦੇ ਅਹੁਦੇ ਤੋਂ ਹਟਾਇਆ ਨਹੀਂ ਗਿਆ।
ਸ. ਮਨਪ੍ਰੀਤ ਸਿੰਘ ਬਾਦਲ ਨੇ ਸਪੱਸ਼ਟ ਕਿਹਾ ਸੀ ਕਿ ਜੇ ਕਰਨ ਅਵਤਾਰ ਸਿੰਘ ਮੁੱਖ ਸਕੱਤਰ ਰਹਿਣਗੇ ਤਾਂ ਉਹ ਕੈਬਨਿਟ ਵਿਚ ਨਹੀਂ ਰਹਿਣਗੇ ਅਤੇ ਨਾ ਹੀ ਕੋਈ ਅਜਿਹੀ ਮੀਟਿੰਗ ਵਿਚ ਹਾਜ਼ਰ ਹੋਣਗੇ, ਜਿਸ ਵਿਚ ਕਰਨ ਅਵਤਾਰ ਸਿੰਘ ਹਾਜ਼ਰ ਹੋਣਗੇ। ਇਸ ਤਰ੍ਹਾਂ ਮਨਪ੍ਰੀਤ ਸਿੰਘ ਬਾਦਲ ਹੁਰਾਂ ਦੀ ਮੰਗ ਤਾਂ ਵਿੱਚੇ ਹੀ ਖੜ੍ਹੀ ਰਹਿ ਗਈ ਹੈ ਪਰ ਕਰਨ ਅਵਤਾਰ ਸਿੰਘ ਨੂੰ ਫਾਈਨਾਂਸ਼ੀਅਲ ਕਮਿਸਨਰ ਟੈਕਸੇਸ਼ਨ ਦੇ ਅਹੁਦੇ ਤੋਂ ਹਟਾਉਣਾ ਰਾਜਾ ਵੜਿੰਗ ਵੱਲੋਂ ਉਨ੍ਹਾਂ ’ਤੇ ਉਨ੍ਹਾਂ ਦੇ ਬੇਟੇ ਬਾਰੇ ਕੀਤੇ ਗਏ ਨਿੱਜੀ ਹਮਲੇ ਦਾ ਨਤੀਜਾ ਸਮਝਿਆ ਜਾ ਰਿਹਾ ਹੈ।