ਗਾਇਕ ਰਾਜਵੀਰ ਜਵੰਦਾ ਦਾ ਕੁਝ ਹੀ ਦੇਰ ਵਿਚ ਉਨ੍ਹਾਂ ਦੇ ਜੱਦੀ ਪਿੰਡ ਪੋਨਾ ਵਿਚ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਲਈ ਸਾਥੀ ਕਲਾਕਾਰ, ਮਿੱਤਰ, ਸਬੰਧੀ ਤੇ ਰਿਸ਼ਤੇਦਾਰ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਪਹੁੰਚ ਰਹੇ ਹਨ। ਬੇਹੱਦ ਭਾਵੁਕ ਤਸਵੀਰਾਂ ਨਜ਼ਰ ਆ ਰਹੀਆਂ ਹਨ। ਸਾਰਾ ਪਿੰਡ ਰੋਂਦਾ ਹੋਇਆ ਨਜ਼ਰ ਆ ਰਿਹਾ ਹੈ। ਪੂਰੇ ਪਿੰਡ ਵਿਚ ਮਾਤਮ ਛਾਇਆ ਹੋਇਆ ਹੈ।
ਗਾਇਕ ਬੱਬੂ ਮਾਨ ਵੀ ਨਮ ਅੱਖਾਂ ਨਾਲ ਰਾਜਵੀਰ ਜਵੰਦਾ ਦੇ ਘਰ ਪਹੁੰਚੇ ਹਨ। ਕੰਵਰ ਗਰੇਵਾਲ, ਗੁਰਲੇਜ ਤੇ ਕਰਮਜੀਤ ਅਨਮੋਲ ਵੀ ਉਨ੍ਹਾਂ ਦੇ ਘਰ ਪਹੁੰਚ ਚੁੱਕੇ ਹਨ। ਪੁਖਰਾਜ ਭੱਲਾ ਵੀ ਆਪਣੀ ਪਤਨੀ ਨਾਲ ਜਵੰਦਾ ਦੇ ਘਰ ਪਹੁੰਚੇ ਹਨ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਜਵੰਦਾ ਦਾ ਬੀਤੇ ਦਿਨੀਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਦੇਹਾਂਤ ਹੋ ਗਿਆ ਸੀ।ਉਨ੍ਹਾਂ ਨੇ ਬੀਤੇ ਕੱਲ੍ਹ 10.55 ਵਜੇ ਆਖਰੀ ਸਾਹ ਲਿਆ। ਹਸਪਤਾਲ ਨੇ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਜਵੰਦਾ ਦਾ ਮਲਟੀ ਆਰਗਨ ਫੇਲੀਅਰ ਹੋਣ ਕਰਕੇ ਦੇਹਾਂਤ ਹੋ ਗਿਆ। ਦੇਹਾਂਤ ਦੇ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਪਹਿਲਾਂ ਮੋਹਾਲੀ ਵਿਚ ਉਨ੍ਹਾਂ ਦੇ ਸੈਕਟਰ-71 ਸਥਿਤ ਘਰ ਲਿਜਾਈ ਗਈ ਜਿਥੇ ਮਾਂ, ਪਤਨੀ ਤੇ ਬੱਚਿਆਂ ਨੇ ਉਨ੍ਹਾਂ ਦੇ ਅੰਤਿਮ ਦਰਸ਼ਨ ਕੀਤੇ।
ਇਸ ਦੇ ਬਾਅਦ ਮੋਹਾਲੀ ਦੇ ਫੇਜ਼-6 ਸਥਿਤ ਸਰਕਾਰੀ ਹਸਪਤਾਲ ਵਿਚ ਪੋਸਟਮਾਰਟਮ ਕਰਾਇਆ ਗਿਆ। ਇਸ ਦੇ ਬਾਅਦ ਉਨ੍ਹਾਂ ਦੀ ਦੇਹ ਸ਼ਾਮ ਨੂੰ ਹੀ ਜੱਦੀ ਪਿੰਡ ਪੋਨਾ ਪਹੁੰਚਾਈ ਗਈ। ਇਥੇ ਉਨ੍ਹਾਂ ਦੀ ਦੇਹ ਨੂੰ ਜੱਦੀ ਘਰ ਵਿਚ ਰੱਖਿਆ ਗਿਆ ਹੈ। ਅੱਜ ਸਵੇਰੇ ਉਨ੍ਹਾਂ ਦੀ ਦੇਹ ਅੰਤਿਮ ਦਰਸ਼ਨ ਲਈ ਰੱਖੀ ਗਈ ਹੈ। ਗਾਇਕ ਨੂੰ ਅੰਤਿਮ ਵਿਦਾਈ ਦੇਣ ਲਈ ਦੋਸਤਾਂ ਤੇ ਫੈਨਸ ਦੀ ਵੱਡੀ ਭੀੜ ਇਕੱਠੀ ਹੋਈ ਹੈ।
ਦੱਸ ਦੇਈਏ ਕਿ ਜਵੰਦਾ ਨੂੰ 27 ਸਤੰਬਰ ਨੂੰ ਦੁਪਹਿਰ ਲਗਭਗ ਪੌਣੇ 2 ਵਜੇ ਫੋਰਟਿਸ ਹਸਪਤਾਲ ਲਿਜਾਇਆ ਗਿਆ। ਇਸ ਦੇ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਪਹਿਲਾਂ 4 ਲਾਈਫ ਸਪੋਰਟ ਸਿਸਟਮ ‘ਤੇ ਰੱਖਿਆ। ਇਥੇ ਸਿਰਫ 29 ਸਤੰਬਰ ਨੂੰ ਉਨ੍ਹਾਂ ਦੀ ਸਿਹਤ ਵਿਚ ਹਲਕਾ ਜਿਹਾ ਸੁਧਾਰ ਦਿਖਿਆ ਪਰ ਰੀੜ੍ਹ ਦੀ ਹੱਡੀ ਵਿਚ ਸੱਟ ਨਾਲ ਉਨ੍ਹਾਂ ਦਾ ਬ੍ਰੇਨ ਡੈਮੇਜ ਹੋ ਚੁੱਕਾ ਸੀ। ਬ੍ਰੇਨ ਵਿਚ ਆਕਸੀਜਨ ਦੀ ਸਪਲਾਈ ਨਹੀਂ ਜਾ ਰਹੀ ਸੀ। ਇਸ ਵਜ੍ਹਾ ਤੋਂ ਡਾਕਟਰਾਂ ਨੇ ਵੀ 3 ਅਕਤੂਬਰ ਤੋਂ ਬਾਅਦ ਮੈਡੀਕਲ ਬੁਲੇਟਿਨ ਇਹ ਕਹਿ ਕੇ ਬੰਦ ਕਰ ਦਿੱਤਾ ਕਿ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਬਾਰੇ ਦੱਸਣ ਲਈ ਕੁਝ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
























