File a case against a Sikh woman : ਮੁੰਬਈ ਦੀ ਇੱਕ ਸਿੱਖ ਮਹਿਲਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਸ ਨੇ ਆਟੋ ਡਰਾਈਵਰ ਦੀ ਗੁੰਡਾਗਰਦੀ ਦਾ ਜਵਾਬ ਸ੍ਰੀਸਾਹਿਬ ਨਾਲ ਇਕੱਲਿਆਂ ਉਸ ਨਾਲ ਮੁਕਾਬਲਾ ਕਰਕੇ ਦਿੱਤਾ। ਵੀਡੀਓ ਵਿੱਚ ਔਰਤ ਸ੍ਰੀਸਾਹਿਬ ਨਾਲ ਆਟੋ ਡਰਾਈਵਰ ’ਤੇ ਵਾਰ ਕਰ ਰਹੀ ਹੈ, ਜਿਸ ਨਾਲ ਆਟੋ ਡਰਾਈਵਰ ਜ਼ਖਮੀ ਹੋ ਗਿਆ। ਇਸੇ ਮਾਮਲੇ ਵਿੱਚ ਸਿੱਖ ਮਹਿਲਾ ਮਨਜੀਤ ਕੌਰ ’ਤੇ ਆਟੋ ਡਰਾਈਵਰ ਵੱਲੋਂ ਪਰਚਾ ਦਰਜ ਕਰਵਾਇਆ ਗਿਆ ਹੈ, ਜਦਕਿ ਉਥੇ ਦੀਆਂ ਸਿੱਖ ਜਥੇਬੰਦੀਆਂ ਮਨਜੀਤ ਕੌਰ ਦੇ ਹੱਕ ਵਿੱਚ ਉਤਰੀਆਂ ਹਨ।
ਦੱਸਣਯੋਗ ਹੈ ਕਿ ਆਟੋ ਚਾਲਕ ਦਾ ਨਾਲ ਦੁਰਗੇਸ਼ ਪਾਟਿਲ ਹੈ। ਮਨਜੀਤ ਕੌਰ ਦੋਸ਼ ਲਗਾਇਆ ਕਿ ਉਹ ਉਸ ਦੀ ਧੀ ਨੂੰ ਧਮਕੀ ਦਿੱਤੀ। ਉਹ ਉਨ੍ਹਾਂ ਦੇ ਘਰ ਦੇ ਹੇਠਾਂ ਆਟੋ ਸਟੈਂਡ ’ਤੇ ਖੜ੍ਹਾ ਹੁੰਦਾ ਹੈ। ਇੱਕ ਬਹਿਸ ਦੌਰਾਨ ਪਾਟਿਲ ਨੇ ਉਸ ’ਤੇ ਹੱਥ ਚੁੱਕਿਆ, ਜਿਸ ਤੋਂ ਬਾਅਦ ਬਚਾਅ ਵਿੱਚ ਉਸ ਨੇ ਸ੍ਰੀਸਾਹਿਬ ਨਾਲ ਉਸ ’ਤੇ ਵਾਰ ਕੀਤੇ।
ਇਸ ਬਾਰੇ ਮਨਜੀਤ ਕੌਰ ਦੇ ਹੱਕ ਵਿੱਚ ਸਾਹਮਣੇ ਆਈਆਂ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਜ਼ਖਮੀ ਹੋਈ ਧਿਰ ਵੱਲੋਂ ਔਰਤ ਖਿਲਾਫ ਪਰਚਾ ਦਰਜ ਕਰਵਾਇਆ ਗਿਆ ਹੈ। ਇਸ ਨੂੰ ਲੈ ਕੇ ਇੱਕ ਵੀਡੀਓ ਰਾਹੀਂ ਮੈਸੇਜ ਦੇਣ ‘ਤੇ ਕਾਫੀ ਸੰਗਤ ਔਰਤ ਦੇ ਹੱਕ ਵਿੱਚ ਇਕੱਠੀ ਹੋਈ ਹੈ। ਉਨ੍ਹਾਂ ਦੱਸਿਆ ਕਿ ਏਰੀਏ ਦੇ ਪੁਲਿਸ ਅਫਸਰ ਨਾਲ ਗੱਲਬਾਤ ਕੀਤੀ ਗਈ ਹੈ, ਜਿਨ੍ਹਾਂ ਦੱਸਿਆ ਕਿ ਆਟੋ ਡਰਾਈਵਰ ਦੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਸ ’ਤੇ ਵੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਆਟੋ ਡਰਾਈਵਰ ਦੇ ਘਰ ਦੇ ਹੇਠੋਂ ਸਟੈਂਡ ’ਤੇ ਖੜ੍ਹੇ ਹੋਣਾ ਵੀ ਬੰਦ ਕਰਵਾਇਆ ਗਿਆ ਹੈ। ਮਨਜੀਤ ਕੌਰ ਵੱਲੋਂ ਉਸ ਦੀ ਧੀ ਨੂੰ ਆਟੋ ਡਰਾਈਵਰ ਵੱਲੋਂ ਧਮਕੀ ਦੇਣ ਸੰਬੰਧੀ ਉਨ੍ਹਾਂ ਭਰੋਸਾ ਦਿਵਾਇਆ ਕਿ ਬੱਚੀ 24 ਘੰਟਿਆਂ ਦੌਰਾਨ ਕਿਸੇ ਵੀ ਵੇਲੇ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਹੋਣ ’ਤੇ ਉਨ੍ਹਾਂ ਨੂੰ ਫੋਨ ਕਰ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਮਨਜੀਤ ਕੌਰ ’ਤੇ ਹੋਏ ਪਰਚੇ ਸੰਬੰਧੀ ਕਿਹਾ ਕਿ ਆਟੋ ਡਰਾਈਵਰ ਦੇ ਠੀਕ ਹੋਣ ਤੋਂ ਬਾਅਦ ਇਸ ਮਸਲੇ ਨੂੰ ਬੈਠ ਕੇ ਹੱਲ ਕੀਤਾ ਜਾਵੇਗਾ। ਦੱਸ ਦੇਈਏ ਕਿ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਨਜੀਤ ਕੌਰ ਦੇ ਹੱਕ ਵਿੱਚ ਕਿਹਾ ਸੀ ਕਿ ਉਸ ਨੇ ਆਪਣੇ ਬਚਾਅ ਲਈ ਸ੍ਰੀਸਾਹਿਬ ਦਾ ਇਸਤੇਮਾਲ ਕੀਤਾ ਹੈ।