Final exams of GNDU starting : ਜਲੰਧਰ : ਕੋਵਿਡ-19 ਦੌਰਾਨ ਪ੍ਰੀਖਿਆਵਾਂ ਨੂੰ ਲੈ ਕੇ ਪੰਜ ਮਹੀਨਿਆਂ ਤੱਕ ਚੱਲੇ ਵਿਰੋਧ ਤੋਂ ਬਾਅਦ ਅਖੀਰ ਆਨਲਾਈਨ ਮੋਡ ਰਾਹੀਂ ਫਾਈਨਲ ਈਅਰ ਦੀਆਂ ਪ੍ਰੀਖਿਆਵਾਂ ਹੋਣਗੀਆਂ। ਜੀਐੱਨਡੀਯੂ ਵੱਲੋਂ ਫਾਈਨਲ ਈਅਰ ਦੀਆਂ ਪ੍ਰੀਖਿਆਵਾਂ 21 ਸਤੰਬਰ ਤੋਂ 7 ਅਕਤੂਬਰ ਤੱਕ ਲਈਆਂ ਜਾਣਗੀਆਂ। ਵਿਦਿਆਰਥੀਆਂ ਨੂੰ ਈ-ਮੇਲ ਰਾਹੀਂ ਪ੍ਰੀਖਿਆ ਪੱਤਰ ਮਿਲਣਗੇ, ਇਸ ਲਈ ਕਾਲਜਾਂ ਵੱਲੋਂ ਆਪਣੇ-ਆਪਣੇ ਵਿਦਿਆਰਥੀਆਂ ਦੇ ਈ-ਮੇਲ ਐਡ੍ਰੈੱਸ ਬਣਾਏ ਜਾ ਰਹੇ ਹਨ। ਪ੍ਰੀਖਿਆਵਾਂ ਤਿੰਨ ਸ਼ਿਫਟਾਂ ਵਿੱਚ ਹੋਣਗੀਆਂ, ਜਿਸ ਵਿੱਚ ਸਵੇਰੇ 8 ਤੋਂ 10, ਸਵੇਰੇ 11 ਤੋਂ ਇੱਕ ਅਤੇ ਦੁਪਹਿਰ ਦੋ ਤੋਂ ਚਾਰ ਵਜੇ ਤੱਕ ਦਾ ਸਮਾਂ ਤੈਅ ਕੀਤਾ ਗਿਆ ਹੈ। ਦੋ ਘੰਟੇ ਬਾਅਦ ਉਨ੍ਹਾਂ ਨੂੰ ਪੇਪਰਾਂ ਦੀ ਪੀਡੀਐੱਫ ਫਾਈਲ ਅਪਲੋਡ ਕਰਨ ਲਈ 30 ਮਿੰਟ ਵਾਧੂ ਦਿੱਤੇ ਜਾਣਗੇ, ਤਾਂਜੋ ਉਹ ਈ-ਮੇਲ ਰਾਹੀਂ ਪੇਪਰ ਕਾਲਜ ਨੂੰ ਵਾਪਿਸ ਭੇਜ ਸਕਣ। ਜੇਕਰ ਕਿਸੇ ਤਰ੍ਹਾਂ ਦੀ ਸਮੱਸਿਆ ਵਿਦਿਆਰਥੀਆਂ ਨੂੰ ਹੋਵੇ ਤਾਂ ਇਸ ਨੂੰ ਲੈ ਕੇ ਉਹ ਆਪਣੇ ਕਾਲਜ ਨਾਲ ਸੰਪਰਕ ਕਰ ਸਕਦੇ ਹਨ।
ਪ੍ਰਿੰਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਤੇ ਲਾਇਲਪੁਰ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਕਾਲਜਾਂ ਵੱਲੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਈ-ਮੇਲ ਆਈਡੀ ਮੈਸੇਜ ਰਾਹੀਂ ਭੇਜ ਕੇ ਵੈਰੀਫਾਈ ਕੀਤੀ ਜਾ ਰਹੀ ਹੈ। ਇਸ ਪੂਰੀ ਪ੍ਰਕਿਰਿਆ ਅਧੀਨ ਵਿਦਿਆਰਥੀਆਂ ਨੂੰ ਪ੍ਰੀਖਿਆ ਤੋਂ ਘੱਟੋ-ਘੱਟੋ ਚਾਰ ਦਿਨ ਪਹਿਲਾਂ ਕਾਲਜ ਵੱਲੋਂ ਭੇਜੀ ਜਾਣ ਵਾਲੀ ਟੈਸਟ ਈ-ਮੇਲ ਦਾ ਜਵਾਬ ਦੇਣਾ ਹੋਵੇਗਾ। ਕੋਈ ਪ੍ਰੇਸ਼ਾਨੀ ਹੋਵੇ ਤਾਂ ਉਹ ਉਨ੍ਹਾਂ ਨਾਲ ਜਾਂ ਕਾਲਜ ਵਿੱਚ ਸੰਪਰਕ ਕਰ ਸਕਦੇ ਹਨ। ਵਿਦਿਆਰਥੀ ਨੂੰ ਕਾਲਜ ਵੱਲੋਂ ਪ੍ਰਿੰਟੇਡ ਭੇਜਾ ਜਾਏਗਾ, ਜਿਸ ’ਤੇ ਵਿਦਿਆਰਥੀਆਂ ਦਾ ਪ੍ਰੀਖਿਆ ਕੋਡ, ਵਿਸ਼ਾ ਕੋਡ, ਪ੍ਰੀਖਿਆ ਮਿਤੀ, ਰੋਲ ਨੰਬਰ, ਵਿਦਿਆਰਥੀ ਦਾ ਨਾਂ ਤੇ ਕਲਾਸਆਦਿ ਦੀ ਜਾਣਕਾਰੀ ਅੰਕਿਤ ਕਰਨੀ ਹੋਵੇਗੀ। ਵਿਦਿਆਰਥੀ ਏ-ਫੋਰ ਆਕਾਰ ਦੀ ਸ਼ੀਟ ’ਤੇ ਪ੍ਰਸ਼ਨ-ਉੱਤਰ ਲਿਖਣਗੇ। ਇਸ ਦੌਰਾਨ ਉਨ੍ਹਾਂ ਨੂੰ ਇਸਤੇਮਾਲ ਕੀਤੀ ਜਾਣ ਵਾਲੀ ਹਰੇਕ ਸ਼ੀਟ ’ਤੇ ਗਿਣਤੀ ਵੀ ਲਿਖਣੀ ਹੋਵੇਗੀ, ਕਿਉਂਕਿ 20 ਸ਼ੀਟਾਂ ਤੋਂ ਵੱਧ ਇਸਤੇਮਾਲ ਨਹੀਂ ਕੀਤੀਆਂ ਜਾ ਸਕਦੀਆਂ ਹਨ।
ਦੋ ਘੰਟਿਆਂ ਦੇ ਪੇਪਰ ਵਿੱਚ ਵਿਦਿਆਰਥੀਆਂ ਨੂੰ ਕੁਲ ਕਈ ਚਾਰ ਪ੍ਰਸ਼ਨ ਹੱਲ ਕਰਨ ਲਈ ਦਿੱਤੇ ਜਾਣਗੇ। ਪੇਪਰ ਕਰਨ ਤੋਂ ਬਾਅਦ ਵਿਦਿਆਰਥੀ ਪੇਪਰਾਂ ਨੂੰ ਸਕੈਨ ਜਾਂ ਫੋਟੋ ਖਿੱਚਣ ਤੋਂ ਬਾਅਦ ਪੀਡੀਐੱਫ ਫਾਈਲ ਤਿਆਰ ਕਰਕੇ 30 ਮਿੰਟਾਂ ਦੇ ਅੰਦਰ ਪੇਪਰ ਵਾਪਿਸ ਕਾਲਜ ਨੂੰ ਭੇਜਣਗੇ। ਮਤਲਬ ਵਿਦਿਆਰਥੀਆਂ ਕੋਲ ਕੁਲ ਸਮਾਂ 2 ਘਟੇ 45 ਮਿੰਟ ਦਾ ਹੋਵੇਗਾ। ਪੇਪਰ ਦੀਆਂ ਆਂਸਰ ਸ਼ੀਟਾਂ ਵਿਦਿਆਰਥੀ ਆਪਣੇ ਕੋਲ ਹੀ ਸੁਰੱਖਿਅਤ ਰੱਖਣਗੇ ਕਿਉਂਕਿ ਲੋੜ ਪੈਣ ’ਤੇ ਯੂਨੀਵਰਸਿਟ ਵੱਲੋਂ ਮੰਗਵਾਈਆਂ ਜਾ ਸਕਦੀਆਂ ਹਨ।