ਭਵਾਨੀਗੜ ਨੇੜੇ ਪਿੰਡ ਜੋਲੀਆ ਦੇ ਗੁਰਦੁਆਰਾ ਸਾਹਿਬ ਵਿੱਚ ਅੱਗ ਲੱਗ ਗਈ, ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਗਨ ਭੇਟ ਹੋ ਗਿਆ। ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਇਸ ਵਿੱਚ ਇੱਕ ਔਰਤ ਸਾਫ ਤੌਰ ’ਤੇ ਦਿਖਾਈ ਦੇ ਰਹੀ ਹੈ। ਪੁਲਿਸ ਨੇ ਔਰਤ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਭਵਾਨੀਗੜ ਦੇ ਪਿੰਡ ਜੋਲੀਆ ਵਿੱਚ ਗੁਰੂਦੁਆਰਾ ਸਾਹਿਬ ਵਿਖੇ ਅਚਾਨਕ ਅੱਗ ਲੱਗ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਵੀ ਅਗਨ ਭੇਟ ਹੋ ਗਿਆ ਅਤੇ ਗੁਰੂਦੁਆਰਾ ਸਾਹਿਬ ਦੀ ਇਮਾਰਤ ਨੂੰ ਵੀ ਬਹੁਤ ਨੁਕਸਾਨ ਪਹੁੰਚਿਆ। ਗੁਰਦੁਆਰਾ ਸਾਹਿਬ ਵਿੱਚ ਲੱਗੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਦੀ ਜਦੋਂ ਜਾਂਚ ਕੀਤੀ ਗਈ ਤਾਂ ਇੱਕ ਔਰਤ ਜਵਲਨਸ਼ੀਲ ਪਦਾਰਥ ਲੈ ਕੇ ਜਾਂਦੀ ਹੋਈ ਦਿਖਾਈ ਦੇ ਰਹੀ ਹੈ। ਪਿੰਡ ਦੇ ਲੋਕਾਂ ਵਿੱਚ ਇਸ ਘਟਨਾ ਨੂੰ ਲੈ ਕੇ ਕਾਫੀ ਅਫਸੋਸ ਤੋ ਰੋਸ ਦਾ ਮਾਹੌਲ ਹੈ।
ਪੁਲਿਸ ਨੇ ਸੀਸੀਟੀਵੀ ਫੁਟੇਜ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਉਕਤ ਔਰਤ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਸ ਘਟਨਾ ਪਿੱਛੇ ਇਸ ਤਰ੍ਹਾਂ ਦੀ ਘਿਨੌਣੀ ਹਰਕਤ ਦਾ ਕੀ ਕਾਰਨ ਰਿਹਾ।
ਦੱਸਿਆ ਜਾ ਰਿਹਾ ਹੈ ਕਿ ਇਹ ਦਲਿਤ ਵਰਗ ਦੀ ਔਰਤ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦੀ ਸੀ। ਅੱਜ ਸਵੇਰੇ 11 ਵਜੇ ਉਹ ਗੁਰਦੁਆਰਾ ਸਾਹਿਬ ਵਿੱਚ ਆਈ। ਇਸ ਦੇ ਹੱਥ ਵਿੱਚ ਔੱਕ ਬੋਤਲ ਵਿੱਚ ਕਿਸੇ ਜਲਨਸ਼ੀਲ ਤਰਲ ਪਦਾਰਥ ਸੀ, ਜੋ ਉਸ ਨੇ ਬੀੜ ਸਾਹਿਬ ਦੇ ਉੱਪਰ ਛਿੜਕ ਦਿੱਤਾ ਅਤੇ ਅੱਗ ਲਗਾ ਦਿੱਤਾ।
ਇਹ ਵੀ ਪੜ੍ਹੋ : ਜਲੰਧਰ : ਪਾਣੀ ਪੀਣ ਦੀ ਇੰਨੀ ਵੱਡੀ ਸਜ਼ਾ! ਰਾਜ ਮਿਸਤਰੀ ਨੇ ਪੁੱਤਰਾਂ ਸਣੇ ਬੇਰਹਿਮੀ ਨਾਲ ਕੁੱਟਿਆ ਮਜ਼ਦੂਰ, ਛੱਤ ਤੋਂ ਸੁੱਟਿਆ ਹੇਠਾਂ
ਇਸ ਤੋਂ ਬਾਅਦ ਉਹ ਖੁਦ ਉਥੋਂ ਭੱਜ ਗਈ। ਪਿੰਡ ਵਾਸੀਆਂ ਵੱਲੋਂ ਭਾਰੀ ਜਦੋਂ-ਜਹਿਦ ਕਰਕੇ ਇੱਥੇ ਸੱਚਖੰਡ ’ਚ ਪਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਬਚਾ ਲਿਆ ਪਰ ਸੱਚਖੰਡ ਅੰਦਰ ਲੱਗਿਆ ਇਕ ਏ.ਸੀ. ਅਤੇ ਹੋਰ ਸਮਾਨ ਵੀ ਅੱਗ ਦੀ ਭੇਟ ਚੜ੍ਹ ਗਿਆ।