Firing at Birthday Party : ਜਲੰਧਰ ’ਚ ਮੰਗਲਵਾਰ ਦੇਰ ਰਾਤ ਜਨਮ ਦਿਨ ਪਾਰਟੀ ਦੌਰਾਨ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਬੁੱਧਵਾਰ ਬਾਅਦ ਦੁਪਹਿਰ ਸ਼ਿਵਸੇਨਾ ਆਗੂ ਸਣੇ ਦੋ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਕਾਰਵਾਈ ਦਹਿਸ਼ਤ ਵਿੱਚ ਆਏ ਇਲਾਕੇ ਦੇ ਲੋਕਾਂ ਦੀ ਸ਼ਿਕਾਇਤ ਅਤੇ ਘਟਨਾ ਦੇ ਵੀਡੀਓ ਦੇ ਆਧਾਰ ’ਤੇ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਨਾਮਜ਼ਦ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਘਟਨਾ ਦੇ ਕਾਰਨ ਦਾ ਖੁਲਾਸਾ ਹੋ ਸਕੇਗਾ।
ਘਟਨਾ ਥਾਣਾ ਡਵੀਜ਼ਨ ਨੰਬਰ-1 ਦੇ ਇਲਾਕੇ ਦੇ ਗੁਰੂ ਅਮਰਦਾਸ ਨਗਰ ਦੀ ਹੈ। ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਗੁਰੂ ਅਮਰਦਾਸ ਨਗਰ ਨਿਵਾਸੀ ਸੁਮਿਤ ਦੀ ਬਰਥਡੇ ਪਾਰਟੀ ਵਿੱਚ ਕੁਝ ਨੌਜਵਾਨ ਇਕੱਠੇ ਹੋਏ ਸਨ। ਉਥੇ ਸ਼ਿਵਸੇਨਾ ਹਿੰਦੂ ਦੇ ਜ਼ਿਲ੍ਹਾ ਪ੍ਰਧਾਨ ਸੋਹਿਤ ਸ਼ਰਮਾ ਨੇ ਲਾਇਸੈਂਸੀ ਪਿਸਤੌਲ ਨਾਲ ਹਵਾਈ ਫਾਇਰ ਕਰ ਦਿੱਤੇ। ਘਟਨਾ ਵਿੱਚ ਕਿਸੇ ਦਾ ਕੋਈ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ, ਪਰ ਇਲਾਕੇ ਵਿੱਚ ਦਹਿਸ਼ਤ ਕਾਰਨ ਘਟਨਾ ਦੀ ਸੂਚਨਾ ਲੋਕਾਂ ਵੱਲੋਂ ਪੁਲਿਸ ਨੂੰ ਦੇ ਦਿੱਤੀ ਗਈ।
ਇਸ ਦੌਰਾਨ ਕਿਸੇ ਵਿਅਕਤੀ ਵੱਲੋਂ ਇਸ ਘਟਨਾ ਦਾ ਪੂਰਾ ਵੀਡੀਓ ਵੀ ਬਣਾ ਲਿਆ ਗਿਆ ਅਤੇ ਉਸ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਵੀ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਵੀਡੀਓ ਪੁਲਿਸ ਨੂੰ ਵੀ ਭੇਜ ਦਿੱਤਾ ਗਿਆ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਸ਼ਹੀਦ ਭਗਤ ਸਿੰਘ ਕਾਲੋਨੀ ਵਿੱਚ ਰਹਿਣ ਵਾਲੇ ਸੋਹਿਤ ਸ਼ਰਮਾ ਅਤੇ ਵੀਡੀਓ ਵਿੱਚ ਨਜ਼ਰ ਆ ਰਹੇ ਗੁਰੂ ਅਮਰਦਾਸ ਨਗਰ ਦੇ ਸੁਮਿਤ ਕੁਮਾਰ ਖਿਲਾਫ ਥਾਣਾ ਡਵੀਜ਼ਨ ਨੰਬਰ ਇੱਕ ਵਿੱਚ ਆਰਮਸ ਐਕਟ ਅਧੀਨ ਹਵਾਈ ਫਾਇਰ ਕਰਨ ਦਾ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਹਿੰਦੂ ਨੇਤਾ ਸੋਹਿਤ ਸ਼ਰਮਾ ਨੇ ਗੋਲੀ ਚਲਾਉਣ ਦੀ ਗੱਲ ਤੋਂ ਇਨਕਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਫਾਇਰਿੰਗ ਵਿੱਚ ਲਾਇਸੈਂਸੀ ਵੈਪਨ ਇਸਤੇਮਾਲ ਹੋਇਆ ਜਾਂ ਨਹੀਂ, ਇਸ ਬਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਪਤਾ ਲੱਗੇਗਾ। ਘਟਨਾ ਦੇ ਕਾਰਨਾਂ ਤੋਂ ਇਲਾਵਾ ਦੂਸਰੇ ਪਹਿਲੂਆਂ ਨੂੰ ਲੈ ਕੇ ਵੀ ਡੂੰਘਾਈ ਨਾਲ ਜਾਂਚ ਕੀਤੀ ਜਾਏਗੀ।