First Corona vaccine in country : ਕੋਰੋਨਾ ਮਹਾਮਾਰੀ ਲਈ ਤਿਆਰ ਕੀਤੀ ਦੇਸ਼ ਦੀ ਪਹਿਲੀ ਵੈਕਸੀਨ ਦਾ ਮਨੁੱਖੀ ਸਰੀਰ ’ਤੇ ਟ੍ਰਾਇਲ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦੇ ਪਹਿਲੇ ਦੌਰ ਵਿਚ 375 ਲੋਕਾਂ ਨੂੰ ਇਸ ਵਿਚ ਸ਼ਾਮਿਲ ਕੀਤਾ ਗਿਆ ਹੈ। ਭਾਰਤ ਬਾਇਓਟੈਕ ਦੀ ਵੈਕਸੀਨ ਦੇ ਮਨੁੱਖੀ ਸਰੀਰ ’ਤੇ ਇਸ ਦਾ ਟ੍ਰਾਇਲ ਬੀਤੀ 15 ਜੁਲਾਈ ਤੋਂ ਸ਼ੁਰੂ ਕੀਤਾ ਗਿਆ ਹੈ, ਜਿਸ ਨੂੰ ਦੇਸ਼ ਦੇ 12 ਵੱਡੇ ਹਸਪਤਾਲਾਂ ਵਿਚ ਕੀਤਾ ਗਿਆ ਜਾ ਰਿਹਾ ਹੈ। ਇਸ ਟ੍ਰਾਇਲ ਵਿਚ ਸ਼ਾਮਲ ਕੁਝ ਲੋਕਾਂ ਨੂੰ ਵੈਕਸੀਨ ਦਿੱਤੀ ਜਾਵੇਗੀ ਅਤੇ ਕੁਝ ਲੋਕਾਂ ਨੂੰ ਆਮ ਇਲਾਜ ਦਿੱਤਾ ਜਾਵੇਗਾ, ਜਿਸ ਨਾਲ ਇਸ ਵੈਕਸੀਨ ਦੇ ਅਸਰ ਦਾ ਪਤਾ ਲਗਾਇਆ ਜਾ ਸਕੇਗਾ।
ਦੱਸਣਯੋਗ ਹੈ ਕਿ ਦੇਸ਼ ਵਿਚ ਸ਼ੁਰੂ ਹੋਏ ਵੈਕਸੀਨ ਦੇ ਪਹਿਲੇ ਹਿਊਮਨ ਟ੍ਰਾਇਲ ਵਿਚ ਲਗਭਗ ਇਕ ਮਹੀਨਾ ਲੱਗੇਗਾ। ਟ੍ਰਾਇਲ ਤੋਂ ਬਾਅਦ ਸਾਹਮਣੇ ਆਏ ਅੰਕੜਿਆਂ ਨੂੰ ਡਰੱਗ ਕੰਟਰੋਲਰ ਆਫ ਇੰਡੀਆ ਕੋਲ ਬੇਜਿਆ ਜਾਵੇਗਾ, ਜਿਸ ਤੋਂ ਬਾਅਦ ਇਸ ਦੇ ਅਗਲੇ ਪੜਾਅ ਦੇ ਟ੍ਰਾਇਲ ਦੀ ਮਨਜ਼ੂਰੀ ਮਿਲੇਗੀ। ਸਿੱਧੇ ਤੌਰ ’ਤੇ ਸਮਝੀਏ ਤਾਂ ਵੈਕਸੀਨ ਦੇ ਪਹਿਲੇ ਅਤੇ ਦੂਜੇ ਪੜਾਅ ਦੇ ਟ੍ਰਾਇਲ ਵਿਚ ਲਗਭਗ 90 ਦਿਨ ਲੱਗਣਗੇ। ਇਸ ਬਾਰੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਟਵੀਟ ਕਰਕੇ ਕਿਹਾ ਕਿ ਸਵਦੇਸ਼ੀ ਕੋਰੋਨਾ ਵੈਕਸੀਨ ਦਾ ਹਿਊਮਨ ਟ੍ਰਾਇਲ ਸ਼ੁਰੂ ਹੋ ਗਿਆ ਹੈ। ਕੋਰੋਨਾ ਖਿਲਾਫ ਜੰਗ ਹੁਣ ਫੈਸਲਾਕੁੰਨ ਦੌਰ ਵਿਚ ਹੈ। ਪਿਛਲੇ ਕਈ ਮਹੀਨਿਆਂ ਤੋਂ ਕੋਰੋਨਾ ਵੈਕਸੀਨ ਦੇ ਵਿਕਾਸ ਲਈ ਜਾਰੀ ਕੋਸ਼ਿਸ਼ਾਂ ਦੇ ਹਾਂਪੱਖੀ ਸੰਕੇਤ ਮਿਲਣ ਲੱਗੇ ਹਨ। ਅਸੀਂ ਛੇਤੀ ਹੀ ਇਸ ਮਹਾਮਾਰੀ ’ਤੇ ਪੂਰੀ ਤਰ੍ਹਾਂ ਜਿੱਤ ਹਾਸਲ ਕਰ ਲਵਾਂਗੇ।
ਦੱਸਣਯੋਗ ਹੈ ਕਿ ਵੈਕਸੀਨ ਦੇ ਟ੍ਰਾਇਲ ਲਈ ਆਈਸੀਐਮਆਰ ਨੇ ਦੇਸ਼ ਦੇ 12 ਹਸਪਤਾਲਾਂ ਦੀ ਚੋਣ ਕੀਤੀ ਹੈ, ਜਿਨ੍ਹਾਂ ਵਿਚ ਏਮਸ-ਦਿੱਲੀ, ਏਮਸ ਪਟਨਾ, ਕਿੰਗ ਜਾਰਜ ਹਾਸਪੀਟਲ-ਵਿਸ਼ਾਖਾਪਟਨਮ, ਪੀਜੀਆਈ-ਰੋਹਤਕ, ਜੀਵਨ ਰੇਖਾ ਹਾਸਪੀਟਲ-ਬੇਲਗਮ, ਗਿਲੁਰਕਰ ਮਲਟੀਸਪੈਸ਼ੀਐਲਿਟੀ ਹਾਸਪੀਟਲ-ਨਾਗਪੁਰ, ਰਾਨਾ ਹਾਸਪੀਟਲ-ਗੋਰਖਪੁਰ, ਐਸਆਰਐਮ ਹਾਸਪੀਟਲ-ਚੇਨਈ, ਨਿਜਾਮ ਇੰਸਟੀਚਿਊ ਆਫ ਮੈਡੀਕਲ ਸਾਇੰਸਿਜ਼-ਹੈਦਰਾਬਾਦ, ਕਲਿੰਗਾ ਹਾਸਪੀਟਲ-ਭੁਵਨੇਸ਼ਵਰ, ਪ੍ਰਖਰ ਹਾਸਪੀਟਲ-ਕਾਨਪੁਰ ਅਤੇ ਗੋਆ ਦਾ ਇਕ ਹਸਪਤਾਲ ਵੀ ਸ਼ਾਮਲ ਹੈ। ਦੱਸ ਦੇਈਏ ਕਿ ਇਸ ਦੀ ਹਿਊਮਨ ਟ੍ਰਾਇਲ ਦੀ ਸ਼ੁਰੂਆਤ ਪਟਨਾ ਏਮਸ ਤੋਂ ਸ਼ੁਰੂ ਹੋਈ ਸੀ। ਏਮਸ ਦੇ ਐਮਐਸ ਡਾ. ਸੀਐਮ ਸਿੰਘ ਨੇ ਦੱਸਿਆ ਕਿ ਦੇਸ਼ ਵਿਚ ਸਭ ਤੋਂ ਪਹਿਲਾਂ ਵੈਕਸੀਨ ਦਾ ਡੋਜ਼ ਇਥੇ ਦੇ ਇਕ ਨੌਜਵਾਨ ਨੂੰ ਦਿੱਤਾ ਗਿਆ, ਜਿਸ ਨੂੰ ਰਹਫ ਐਮਐਲ ਦਾ ਡੋਜ਼ ਦੇਣ ਤੋਂ ਬਾਅਦ 4 ਘੰਟੇ ਤੱਕ ਆਬਜ਼ਰਵੇਸ਼ਨ ਵਿਚ ਰਖਿਆ ਗਿਆ। 7 ਦਿਨ ਬਾਅਦ ਅਸਰ ਜਾਣਨ ਲਈ ਦੁਬਾਰਾ ਉਸ ਨੂੰ ਬੁਲਾਇਆ ਗਿਆ ਹੈ, ਜਿਸ ਨੂੰ ਹੁਣ 14 ਦਿਨਾਂ ਬਾਅਦ ਅਗਲਾ ਡੋਜ਼ ਦਿੱਤਾ ਜਾਵੇਗਾ। ਇਸ ਤੋਂ ਇਲਾਪਾ ਪੀਜੀਆਈ ਰੋਹਤਕ ਵਿਚ ਸ਼ੁੱਕਰਵਾਰ ਨੂੰ ਇਸ ਟ੍ਰਾਇਲ ਦੀ ਸ਼ੁਰੂਆਤ ਹੋਈ, ਜਿਸ ਵਿਚ 3 ਵਾਲੰਟੀਅਰ ਸ਼ਾਮਿਲ ਕੀਤੇ ਗਏ। ਹੈਦਰਾਬਾਦ ਦੇ ਨਿਜਾਮ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਨੇ 2 ਵਾਲੰਟੀਅਰਸ ਨੂੰ ਇਸ ਟਰਾਇਲ ਲਈ ਚੁਣਿਆ ਹੈ।
ਦੱਸਣਯੋਗ ਹੈ ਕਿ ਪਹਿਲੇ ਪੜਾਅ ਵਿਚ ਵੈਕਸੀਨ ਦਾ ਡੋਜ਼ ਘੱਟ ਰਖਿਆ ਜਾਵੇਗਾ ਤਾਂ ਜੋ ਪਤਾ ਲੱਗ ਜਾਵੇ ਕਿ ਇਸ ਨਾਲ ਵਾਲੰਟੀਅਰ ਨੂੰ ਕੋਈ ਖਤਰਾ ਜਾਂ ਸਾਈਡ ਇਫੈਕਟ ਤਾਂ ਨਹੀਂ ਹੋ ਰਿਹਾ। ਇਸ ਨੂੰ ’ਸੇਫਟੀ ਐਂਡ ਸਕ੍ਰੀਨਿੰਗ’ ਦਾ ਨਾਂਦਿੱਤਾ ਗਿਆ ਹੈ। ਦੱਸ ਦੇਈਏ ਕਿ ਦੇਸ਼ ਦੀਆਂ 7 ਫਾਰਮਾ ਕੰਪਨੀਆਂ ਵੈਕਸੀਨ ’ਤੇ ਕੰਮ ਕਰ ਰਹੀਆਂ ਹਨ ਇਨ੍ਹਾਂ ਵਿਚ ਭਾਰਤ ਬਾਇਟੈਕ ਅਜਿਹੀ ਪਹਿਲੀ ਕੰਪਨੀ ਹੈ ਜਿਸ ਨੂੰ ਡਰੱਗ ਕੰਟਰੋਲਰ ਵੱਲੋਂ ਇਨਸਾਨਾਂ ’ਤੇ ਪਹਿਲੇ ਤੇ ਦੂਜੇ ਪੜਾਅ ਦੇ ਵੈਕਸੀਨ ਟ੍ਰਾਇਲ ਦੀ ਮਨਜ਼ੂਰੀ ਮਿਲੀ ਹੈ।