First Punjabi speaking turbaned robot : ਜਲੰਧਰ : ਦੁਨੀਆ ਵਿੱਚ ਕਈ ਵੱਖ-ਵੱਖ ਕਿਸਮਾਂ ਦੇ ਰੋਬੋਟ ਬਣਾਏ ਜਾ ਚੁੱਕੇ ਹਨ, ਜੋ ਅੰਗਰੇਜ਼ੀ ਜਾਂ ਕਿਸੇ ਹੋਰ ਭਾਸ਼ਾ ਵਿੱਚ ਬੋਲਦੇ ਹਨ। ਪਰ ਪੰਜਾਬ ਦੇ ਜਲੰਧਰ ‘ਚ ਰਹਿਣ ਵਾਲੇ ਇੱਕ ਸਰਕਾਰੀ ਅਧਿਆਪਕ ਨੇ ਦੇਸ਼ ਦਾ ਪਹਿਲਾ ਪੰਜਾਬੀ ਬੋਲਣ ਵਾਲਾ ਦਸਤਾਰਧਾਰੀ ਰੋਬੋਟ ਬਣਾਇਆ ਹੈ। ਇਹ ਸਿਰਫ ਪੰਜਾਬੀ ਭਾਸ਼ਾ ਵਿੱਚ ਬੋਲਦਾ ਹੀ ਨਹੀਂ ਹੈ, ਸਗੋਂ ਹਰ ਗੱਲ ਦਾ ਜਵਾਬ ਵੀ ਪੰਜਾਬੀ ਭਾਸ਼ਾ ਵਿੱਚ ਬੋਲ ਕੇ ਦਿੰਦਾ ਹੈ।
ਦੱਸਣਯੋਗ ਹੈ ਕਿ ਜਲੰਧਰ ਦੇ ਗੁਰੂ ਅਮਰਦਾਸ ਨਗਰ ਦੇ ਰਹਿਣ ਵਾਲੇ ਹਰਜੀਤ ਸਿੰਘ ਨੇ ਇਕ ਰੋਬੋਟ ਤਿਆਰ ਕੀਤਾ ਹੈ, ਜਿਸ ਦਾ ਨਾਂ ਉਨ੍ਹਾਂ ਨੇ ਸਰਬੰਸ ਰੱਖਿਆ ਹੈ। ਹਰਜੀਤ ਸਿੰਘ ਨੇ ਇਸ ਰੋਬੋਟ ਨੂੰ ਖੁਦ ਡਿਜ਼ਾਇਨ ਕੀਤਾ ਹੈ। ਹਰਜੀਤ ਸਿੰਘ ਇੱਕ ਸਰਕਾਰੀ ਸਕੂਲ ਵਿੱਚ ਕੰਪਿਊਟਰ ਟੀਚਰ ਵੱਜੋਂ ਤਾਇਨਾਤ ਹਨ, ਉਨ੍ਹਾਂ ਦੱਸਿਆ ਕਿ ਇਹ ਰੋਬੋਟ ਤਿਆਰ ਕਰਨ ਵਿੱਚ ਉਨ੍ਹਾਂ ਨੀੰ ਲਗਭਗ 7 ਮਹੀਨੇ ਲੱਗ ਗਏ। ਹਰਜੀਤ ਨੇ ਕਿਹਾ ਕਿ ਇਸ ਵਿੱਚ ਆਵਾਜ਼ ਉਨ੍ਹਾਂ ਦੀ ਪਤਨੀ ਜਸਪ੍ਰੀਤ ਕੌਰ ਨੇ ਦਿੱਤੀ ਹੈ। ਜਦੋਂ ਵੀ ਇਸ ਵਿਚ ਨਵੀਂ ਜਾਣਕਾਰੀ ਸ਼ਾਮਲ ਕਰਨੀ ਪਵੇਗੀ, ਤਾਂ ਉਨ੍ਹਾਂ ਦੀ ਪਤਨੀ ਇਹ ਆਵਾਜ਼ ਆਪਣੀ ਆਵਾਜ਼ ਵਿੱਚ ਇਸ ਦੇ ਡਾਟਾ ਨੂੰ ਅਪਡੇਟ ਕਰਦੀ ਹੈ। ਜਦੋਂ ਵੀ ਅਸੀਂ ਰੋਬੋਟ ਤੋਂ ਕੋਈ ਸਵਾਲ ਕਰਦੇ ਹਾਂ ਤਾਂ ਡਾਟਾ ਬੇਸ ਤੋਂ ਸਹੀ ਜਵਾਬ ਕੱਢ ਕੇ ਪੰਜਾਬੀ ਭਾਸ਼ਾ ਵਿੱਚ ਜਵਾਬ ਦਿੰਦਾ ਹੈ।
ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਰਬੰਸ ਪ੍ਰੋਗਰਾਮਿੰਗ ਭਾਸ਼ਾ ਤਿਆਰ ਕੀਤੀ ਸੀ। ਉਸ ਦੌਰਾਨ ਉਨ੍ਹਾਂ ਸੋਚਿਆ ਕਿ ਇੱਕ ਅਜਿਹਾ ਰੋਬੋਟ ਬਣਾਉਣਾ ਚਾਹੀਦਾ ਹੈ, ਜੋ ਕਿ ਪੰਜਾਬੀ ਭਾਸ਼ਾ ਬੋਲਦਾ ਅਤੇ ਸਮਝਦਾ ਹੋਵੇ। ਇਸ ਲਈ ਉਨ੍ਹਾਂ ਨੇ ਪਹਿਲਾ ਦਸਤਾਰਧਾਰੀ ਪੰਜਾਬੀ ਭਾਸ਼ਾ ਵਿੱਚ ਬੋਲਣ ਤੇ ਸਮਝਣ ਵਾਲਾ ਰੋਬੋਟ ਤਿਆਰ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਅਜੇ ਇਸ ਰੋਬੋਟ ਦਾ ਸਿਰ ਅਤੇ ਚਿਹਰਾ ਹੀ ਤਿਆਰ ਕੀਤਾ ਗਿਆ ਹੈ। ਅਜੇ ਇਸ ਦਾ ਧੜ ਤਿਆਰ ਕਰਨਾ ਬਾਕੀ ਹੈ।
ਹਰਜੀਤ ਸਿੰਘ ਨੇ ਦੱਸਿਆ ਕਿ ਰੋਬੋਟ ਨੂੰ ਬਣਾਉਣ ਵਿੱਚ ਬੱਚਿਆਂ ਦੇ ਖਿਡੌਣੇ, ਪਲੱਗ, ਕਾਪੀਆਂ ਦੇ ਕਵਰ, ਲਿਖਣ ਵਾਲੇ ਪੈੱਨ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਇਸ ਰੋਬੋਟ ਨੂੰ ਆਧੁਨਿਕ ਟੈਕਨਾਲੋਜੀ ਦੀ ਵਰਤੋਂ ਕਰਕੇ ਵਧੇਰੇ ਭਾਸ਼ਾ ਬੋਲਣ ਲਈ ਤਿਆਰ ਕਰਨਗੇ. ਜਿਸ ਨਾਲ ਉਹ ਲੋਕਾਂ ਨਾਲ ਹੋਰ ਭਾਸ਼ਾਵਾਂ ਵਿੱਚ ਵੀ ਗੱਲ ਕਰ ਸਕੇ।