Fitch forecasts India GDP growth: ਨਵੀਂ ਦਿੱਲੀ: ਰੇਟਿੰਗ ਏਜੇਂਸੀ ਫਿਚ ਰੇਟਿੰਗਜ਼ ਨੇ ਮੌਜੂਦਾ ਵਿੱਤੀ ਸਾਲ 2020-21 ਵਿੱਚ ਭਾਰਤੀ ਅਰਥਚਾਰੇ ਵਿੱਚ ਪੰਜ ਪ੍ਰਤੀਸ਼ਤ ਦੀ ਗਿਰਾਵਟ ਆਉਣ ਦਾ ਅੰਦਾਜ਼ਾ ਲਗਾਇਆ ਹੈ । ਉੱਥੇ ਹੀ ਦੂਜੇ ਪਾਸੇ ਰੇਟਿੰਗ ਏਜੰਸੀ ਕ੍ਰਿਸਿਲ ਨੇ ਚੇਤਾਵਨੀ ਦਿੱਤੀ ਹੈ ਕਿ ਭਾਰਤ ਵਿੱਚ ਆਜ਼ਾਦੀ ਤੋਂ ਬਾਅਦ ਚੌਥੀ ਮੰਦੀ ਆਉਣ ਵਾਲੀ ਹੈ ਅਤੇ ਇਹ ਹੁਣ ਤੱਕ ਦੀ ਸਭ ਤੋਂ ਭਿਆਨਕ ਮੰਦੀ ਰਹੇਗੀ । ਫਿਚ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਸਖਤ ਲਾਕਡਾਊਨ ਨੀਤੀ ਲਾਗੂ ਕੀਤੀ ਗਈ ਹੈ । ਇਸ ਨਾਲ ਆਰਥਿਕ ਗਤੀਵਿਧੀਆਂ ਵਿੱਚ ਭਾਰੀ ਗਿਰਾਵਟ ਆਈ, ਜਿਸਦਾ ਸਿੱਧਾ ਅਸਰ ਕੁੱਲ ਘਰੇਲੂ ਉਤਪਾਦ (GDP) ਦੀ ਵਿਕਾਸ ਦਰ ‘ਤੇ ਪਵੇਗਾ।
ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਫਿਚ ਨੇ ਅੰਦਾਜ਼ਾ ਲਗਾਇਆ ਸੀ ਕਿ ਮੌਜੂਦਾ ਵਿੱਤੀ ਸਾਲ ਵਿੱਚ ਭਾਰਤ ਦੀ GDP ਵਿਕਾਸ ਦਰ 0.8 ਫੀਸਦੀ ਰਹੇਗੀ । ਹੁਣ ਫਿਚ ਨੇ ਆਪਣੇ ਅਨੁਮਾਨ ਨੂੰ ਕਾਫੀ ਘਟਾ ਦਿੱਤਾ ਹੈ । ਫਿਚ ਨੇ ਕਿਹਾ ਹੈ ਕਿ ਇਸ ਵਿੱਤੀ ਸਾਲ ਵਿੱਚ ਭਾਰਤ ਵਿੱਚ GDP ਵਿਚ 5 ਫ਼ੀਸਦੀ ਦੀ ਗਿਰਾਵਟ ਆਵੇਗੀ । ਫਿਚ ਨੇ ਕਿਹਾ ਭਾਰਤ ਵਿੱਚ ਬਹੁਤ ਸਖਤ ਲਾਕਡਾਊਨ ਨੀਤੀ ਲਾਗੂ ਕੀਤੀ ਗਈ ਹੈ । ਇਸ ਤੋਂ ਇਲਾਵਾ ਦੇਸ਼ ਵਿਆਪੀ ਪਾਬੰਦੀਆਂ ਨੂੰ ਉਮੀਦ ਨਾਲੋਂ ਲੰਮਾ ਕੀਤਾ ਗਿਆ ਹੈ, ਜੋ ਆਰਥਿਕ ਗਤੀਵਿਧੀਆਂ ਦੇ ਅੰਕੜੇ ਆ ਰਹੇ ਹਨ, ਉਹ ਬਹੁਤ ਸੁਸਤ ਹਨ ।
ਇਸੇ ਤਰ੍ਹਾਂ ਕ੍ਰਿਸਿਲ ਨੇ ਵੀ ਇਹ ਭਵਿੱਖਬਾਣੀ ਕੀਤੀ ਹੈ ਕਿ ਵਿੱਤੀ ਸਾਲ 2021 ਵਿੱਚ ਭਾਰਤੀ ਆਰਥਿਕਤਾ ਵਿੱਚ 5% ਦੀ ਗਿਰਾਵਟ ਆਵੇਗੀ । ਇਸ ਤੋਂ ਪਹਿਲਾਂ 28 ਅਪ੍ਰੈਲ ਨੂੰ ਕ੍ਰਿਸਿਲ ਨੇ ਕਿਹਾ ਸੀ ਕਿ ਭਾਰਤ ਦੀ ਜੀਡੀਪੀ ਵਿੱਚ 1.8 ਪ੍ਰਤੀਸ਼ਤ ਦਾ ਵਾਧਾ ਹੋਵੇਗਾ । ਪਰ ਲਗਾਤਾਰ ਜਾਰੀ ਲਾਕਡਾਊਨ ਅਤੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਰੇਟਿੰਗ ਏਜੰਸੀਆਂ ਹੁਣ ਭਾਰਤ ਦੇ ਜੀਡੀਪੀ ਵਿੱਚ ਨਕਾਰਾਤਮਕ ਵਾਧੇ ਦੀ ਭਵਿੱਖਬਾਣੀ ਕਰਨ ਲੱਗ ਗਈਆਂ ਹਨ ।
ਦੱਸ ਦੇਈਏ ਕਿ ਹੁਣ ਤਾਂ ਭਾਰਤੀ ਰਿਜ਼ਰਵ ਬੈਂਕ ਨੇ ਵੀ ਸਵੀਕਾਰ ਕਰ ਲਿਆ ਹੈ ਕਿ ਇਸ ਵਿੱਤੀ ਵਰ੍ਹੇ ਵਿੱਚ ਭਾਰਤੀ ਆਰਥਿਕਤਾ ਵਿੱਚ ਨਕਾਰਾਤਮਕ ਵਾਧਾ ਹੋ ਸਕਦਾ ਹੈ । ਐਮਪੀਸੀ ਦੀ ਤਾਜ਼ਾ ਬੈਠਕ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵਿੱਚ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕੰਤ ਦਾਸ ਨੇ ਕਿਹਾ ਸੀ ਕਿ ਇਸ ਸਾਲ ਭਾਰਤੀ ਅਰਥਚਾਰੇ ਵਿੱਚ ਨਕਾਰਾਤਮਕ ਵਾਧਾ ਹੋਵੇਗਾ।