Five die of suffocation : ਪੰਜਾਬ ਵਿੱਚ ਠੰਡ ਤੋਂ ਬਚਣ ਲਈ ਬਾਲੀ ਅੰਗੀਠੀ ਨਾਲ ਤਿੰਨ ਬੱਚਿਆਂ ਅਤੇ ਦੋ ਔਰਤਾਂ ਦੀ ਦਮ ਘੁਟਣ ਨਾਲ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਇਸ ਸੰਬੰਧੀ ਦੋ ਵੱਖ ਵੱਖ ਹਾਦਸੇ ਵਾਪਰੇ ਹਨ। ਇਹ ਹਾਦਸਾ ਠੰਡੇ ਤੋਂ ਬਚਣ ਲਈ ਅੰਗੀਠੀ ਬਾਲ ਕੇ ਸੌਣ ਕਾਰਨ ਕਾਰਨ ਹੋਇਆ। ਦੱਸਿਆ ਜਾ ਰਿਹਾ ਹੈ ਕਿ ਪੰਜਾਂ ਦੀ ਮੌਤ ਦਮ ਘੁਟਣ ਨਾਲ ਹੋਈ ਹੈ।ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਹਿਲਾ ਮਾਮਲਾ ਫਿਰੋਜ਼ਪੁਰ ਦੇ ਮੱਲਾਂਵਾਲਾ ਥਾਣੇ ਵਿੱਚ ਪੈਂਦੇ ਪਿੰਡ ਹਮਦਵਾਲਾ ਵਿੱਚ ਸਾਹਮਣੇ ਆਇਆ। ਇਕ ਔਰਤ ਅਤੇ ਉਸ ਦੇ ਦੋ ਬੱਚੇ ਜੋ ਕਮਰੇ ਵਿਚ ਅੰਗੀਠੀ ਬਾਲ ਕੇ ਸੌਂ ਰਹੇ ਸਨ, ਦਮ ਘੁੱਟਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਔਰਤ ਦਾ ਪਤੀ ਮਲੇਸ਼ੀਆ ਗਿਆ ਹੈ। ਘਰ ਵਿੱਚ ਔਰਤ, ਬੱਚੇ, ਸੱਸ ਅਤੇ ਸਹੁਰਾ ਸਨ। ਮ੍ਰਿਤਕ ਦੀ ਪਛਾਣ ਰਾਜਬੀਰ ਕੌਰ, 12 ਅਤੇ 5 ਸਾਲ ਦੇ ਬੇਟੇ ਸਾਹਿਲਪ੍ਰੀਤ ਅਤੇ ਏਕਮਪ੍ਰੀਤ ਵਜੋਂ ਹੋਈ ਹੈ। ਰਾਜਬੀਰ ਰੋਜ਼ ਸਵੇਰੇ ਉਠ ਕੇ ਮੱਝਾਂ ਦਾ ਦੁੱਧ ਚੌਂਦੀ ਸੀ। ਸੋਮਵਾਰ ਨੂੰ ਜਦੋਂ ਉਹ ਕਾਫ਼ੀ ਦੇਰ ਤੱਕ ਕਮਰੇ ਤੋਂ ਬਾਹਰ ਨਹੀਂ ਆਈ, ਤਾਂ ਸੱਸ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਰਾਜਬੀਰ ਕੌਰ, ਸਾਹਿਲਪ੍ਰੀਤ ਅਤੇ ਏਕਮਪ੍ਰੀਤ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ। ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ। ਮੁੱਢਲੀ ਜਾਂਚ ਵਿਚ ਮੌਤ ਦਾ ਕਾਰਨ ਅੰਗੀਠੀ ਦੇ ਧੂੰਏਂ ਨਾਲ ਦਮ ਘੁਟਣਾ ਦੱਸਿਆ ਜਾ ਰਿਹਾ ਹੈ।
ਦੂਸਰਾ ਹਾਦਸਾ ਅੰਮ੍ਰਿਤਸਰ ਦੇ ਥਾਣਾ ਕੋਤਵਾਲੀ ਵਿੱਚ ਪੈਂਦੇ ਬਾਜ਼ਾਰ ਤਿਵਾਰੀਆ ਇਲਾਕੇ ਲਿੱਚ ਵਾਪਰਿਆ। ਠੰਡ ਤੋਂ ਬਚਣ ਲਈ ਕਮਰੇ ਵਿਚ ਅੰਗੀਠੀ ਬਾਲ ਕੇ ਸੌਣ ਤੋਂ ਬਾਅਦ ਮਾਂ ਅਤੇ ਬੇਟੇ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਪਿਤਾ ਅਬਜਲ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਸ ਦਾ ਗੁਰੂ ਨਾਨਕ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਰਜਿਨਾ ਬੇਗਮ ਅਤੇ ਉਸਦੇ ਬੇਟੇ ਰਿਜਵਾਨ ਵਜੋਂ ਹੋਈ ਹੈ। ਅਬਜਲ ਸੋਨੇ ਦੇ ਗਹਿਣੇ ਬਣਾਉਂਦਾ ਹੈ। ਪਰਿਵਾਰ ਨੇ ਜ਼ਿਆਦਾ ਠੰਡ ਹੋਣ ਕਾਰਨ ਕਮਰੇ ਵਿਚ ਅੰਗੀਠੀ ਬਾਲੀ ਹੋਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਸੀ। ਘਟਨਾ ਦੀ ਖ਼ਬਰ ਮਿਲਦਿਆਂ ਹੀ ਥਾਣਾ ਸਦਰ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ।