Five security personnel killed: ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਵਿੱਚ ਅੱਤਵਾਦੀਆਂ ਨਾਲ ਮੁੱਠਭੇੜ ਵਿੱਚ ਸੁਰੱਖਿਆ ਬਲਾਂ ਦੇ ਪੰਜ ਜਵਾਨ ਸ਼ਹੀਦ ਹੋ ਗਏ ਹਨ । ਇਸ ਵਿੱਚ ਇੱਕ ਕਰਨਲ, ਇੱਕ ਮੇਜਰ, ਦੋ ਜਵਾਨ ਅਤੇ ਇੱਕ ਪੁਲਿਸ ਅਧਿਕਾਰੀ ਸ਼ਾਮਿਲ ਹਨ । ਇਸ ਦੌਰਾਨ ਜੈਸ਼ ਦੇ ਦੋ ਅੱਤਵਾਦੀ ਵੀ ਮਾਰੇ ਗਏ ਹਨ । ਇਸ ਮੁੱਠਭੇੜ ਦੌਰਾਨ ਪੂਰੇ ਖੇਤਰ ਵਿੱਚ ਮੋਬਾਇਲ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਹੈ । ਹੰਦਵਾੜਾ ਵਿੱਚ ਅਜੇ ਵੀ ਐਨਕਾਉਂਟਰ ਚੱਲ ਰਿਹਾ ਹੈ ।
ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਛਾਂਗਮੁੱਲਾ ਖੇਤਰ ਵਿੱਚ 5 ਤੋਂ 6 ਅੱਤਵਾਦੀ ਲੁਕੇ ਹੋਣ ਦੀ ਸੂਚਨਾ ਮਿਲੀ ਸੀ । ਜ਼ਿਕਰਯੋਗ ਹੈ ਕਿ 24 ਨੂੰ ਅੱਤਵਾਦੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਘੁਸਪੈਠ ਕੀਤੀ ਸੀ । ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਸੀ । ਇਨ੍ਹਾਂ ਅੱਤਵਾਦੀਆਂ ਨਾਲ ਸੁਰੱਖਿਆ ਬਲਾਂ ਦਾ ਇਹ ਤੀਜਾ ਮੁਕਾਬਲਾ ਹੈ ।
ਦੱਸ ਦੇਈਏ ਕਿ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿੱਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਦੋ ਅੱਤਵਾਦੀ ਮਾਰੇ ਗਏ ਹਨ । ਫਿਲਹਾਲ ਦੋਵਾਂ ਦੀ ਪਛਾਣ ਨਹੀਂ ਹੋ ਸਕੀ ਹੈ । ਇਸ ਸਬੰਧੀ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਦੰਗੇਰਪੁਰਾ ਖੇਤਰ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਦੀ ਖਬਰ ਮਿਲੀ ਸੀ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਸ ਖੇਤਰ ਨੂੰ ਘੇਰ ਲਿਆ ਅਤੇ ਅੱਜ ਤੜਕੇ ਤਲਾਸ਼ੀ ਮੁਹਿੰਮ ਚਲਾਈ ।
ਇਸ ਬਾਰੇ ਅਧਿਕਾਰੀ ਨੇ ਦੱਸਿਆ ਕਿ ਜਦੋਂ ਸੁਰੱਖਿਆ ਬਲਾਂ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ ਤਾਂ ਉੱਥੇ ਲੁਕੇ ਅੱਤਵਾਦੀਆਂ ਨੇ ਉਨ੍ਹਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ । ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ ਤੇ ਦੋ ਅੱਤਵਾਦੀ ਮਾਰੇ ਗਏ । ਅਧਿਕਾਰੀਆਂ ਨੇ ਕਿਹਾ ਕਿ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਕਰਨ ਅਤੇ ਇਹ ਵੀ
ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਕਿਸ ਸੰਗਠਨ ਨਾਲ ਜੁੜੇ ਹੋਏ ਸਨ ।