FM Nirmala Sitharaman: ਨਵੀ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਤੀਜੀ ਵਾਰ ਪ੍ਰੈਸ ਕਾਨਫਰੰਸ ਕਰਕੇ ਕੋਰੋਨਾ ਆਰਥਿਕ ਪੈਕੇਜ ਨਾਲ ਜੁੜੇ ਵੇਰਵਿਆਂ ਨੂੰ ਸਾਂਝਾ ਕਰਨਗੇ । ਦੱਸਿਆ ਜਾ ਰਿਹਾ ਹੈ ਕਿ ਨਿਰਮਲਾ ਸੀਤਾਰਮਨ ਅੱਜ ਸ਼ਾਮ 4 ਵਜੇ ਹਾਸਪੀਟੈਲਿਟੀ ਉਦਯੋਗ ਨੂੰ ਰਾਹਤ ਦੇਣ ਦਾ ਐਲਾਨ ਕਰ ਸਕਦੀ ਹੈ। ਇਸ ਤੋਂ ਇਲਾਵਾ ਕਿਸਾਨਾਂ ਨਾਲ ਵੀ ਸਬੰਧਿਤ ਕਈ ਅਹਿਮ ਐਲਾਨਾਂ ਦੀ ਵੀ ਉਮੀਦ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਆਰਥਿਕ ਰਾਹਤ ਦੀ ਦੂਜੀ ਕਿਸ਼ਤ ਪੇਸ਼ ਕੀਤੀ । ਪ੍ਰਵਾਸੀ ਮਜ਼ਦੂਰਾਂ, ਆਮ ਆਦਮੀ ਅਤੇ ਕਿਸਾਨਾਂ ਲਈ ਇੱਕ ਵਿਸ਼ਾਲ ਪੈਕੇਜ ਦੀ ਘੋਸ਼ਣਾ ਕੀਤੀ ਗਈ ਸੀ, ਪਰ ਵਿਰੋਧੀ ਧਿਰ ਨੂੰ ਇਹ ਪਸੰਦ ਨਹੀਂ ਆਇਆ । ਜਿਸ ‘ਤੇ ਸਵਾਲ ਪੁੱਛਿਆ ਗਿਆ ਕਿ ਰਾਹਤ ਦੇ ਨਾਮ ‘ਤੇ ਗਰੀਬਾਂ ਨੂੰ ਕਰਜ਼ਾ ਦੇਣ ਦੀ ਨੀਤੀ ਕਿਉਂ ਹੈ? ਕਾਂਗਰਸ ਨੇ ਇਸ ਨੂੰ ਅਗਿਆਨਤਾ ਦੱਸਿਆ ਸੀ ।
ਕੱਲ੍ਹ ਹੋਇਆ ਸੀ ਇਹ ਐਲਾਨ
ਵੀਰਵਾਰ ਨੂੰ 20 ਲੱਖ ਕਰੋੜ ਦੇ ਇੱਕ ਵਿਸ਼ੇਸ਼ ਪੈਕੇਜ ਵਿੱਚ ਪ੍ਰਵਾਸੀ ਮਜ਼ਦੂਰਾਂ, ਕਿਸਾਨਾਂ, ਆਮ ਲੋਕਾਂ ਅਤੇ ਰੇਹੜੀ ਵਾਲਿਆਂ ਲਈ ਉਮੀਦਾਂ ਦਾ ਇੱਕ ਪਿਟਾਰਾ ਖੋਲ੍ਹਿਆ ਗਿਆ ਸੀ । ਜਿਸ ਵਿੱਚ ਪ੍ਰਵਾਸੀ ਮਜ਼ਦੂਰਾਂ ਲਈ ਵਨ ਨੇਸ਼ਨ ਵਨ ਰਾਸ਼ਨ ਕਾਰਡ ਸਕੀਮ ਅਗਸਤ ਤੋਂ ਲਾਗੂ ਕੀਤੀ ਜਾਏਗੀ ਤਾਂ ਕਿਸਾਨਾਂ ਲਈ 25 ਲੱਖ ਨਵੇਂ ਕਿਸਾਨ ਕ੍ਰੈਡਿਟ ਕਾਰਡ ਜਾਰੀ ਕੀਤੇ ਜਾਣਗੇ । ਇਸ ਦੇ ਨਾਲ ਹੀ 8 ਕਰੋੜ ਮਜ਼ਦੂਰਾਂ ਲਈ ਮੁਫਤ ਰਾਸ਼ਨ ਦੀ ਸਹੂਲਤ ਦਿੱਤੀ ਜਾਏਗੀ ਤਾਂ ਕਿਸਾਨਾਂ ਦੇ ਲਈ ਵੀ ਕਰਜ਼ਿਆਂ ‘ਤੇ ਵਿਆਜ਼ ਵਿੱਚ ਛੋਟ ਵੀ 31 ਮਈ ਤੱਕ ਵਧਾ ਦਿੱਤੀ ਗਈ ਹੈ।
ਪ੍ਰਵਾਸੀ ਮਜ਼ਦੂਰਾਂ ਲਈ ਸ਼ਹਿਰਾਂ ਵਿੱਚ ਸ਼ੈਲਟਰ ਹੋਮ ਅਤੇ ਰੋਜ਼ਾਨਾ ਦਿਹਾੜੀ ਦੀ ਵਿਵਸਥਾ ਵਧਾ ਕੇ 202 ਰੁਪਏ ਕਰ ਦਿੱਤੀ ਗਈ ਹੈ ਤੇ ਛੋਟੇ ਕਿਸਾਨਾਂ ਲਈ 30 ਹਜ਼ਾਰ ਕਰੋੜ ਦਾ ਵਾਧੂ ਫੰਡ ਜਾਰੀ ਕੀਤਾ ਜਾਵੇਗਾ । ਦੱਸ ਦੇਈਏ ਕਿ ਸਰਕਾਰ ਦੇ ਆਰਥਿਕ ਪੈਕੇਜ ਦੀ ਦੂਜੀ ਕਿਸ਼ਤ ਵਿੱਚ ਆਮ ਲੋਕਾਂ ਅਤੇ ਰੇਹੜੀ ਵਾਲਿਆਂ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਆਮ ਆਦਮੀ ਲਈ ਹਾਊਸਿੰਗ ਲੋਨ ‘ਤੇ ਸਬਸਿਡੀ ਸਕੀਮ ਵਧਾ ਦਿੱਤੀ ਗਈ ਹੈ ਅਤੇ ਰੇਹੜੀ ਵਾਲਿਆਂ ਲਈ 50 ਲੱਖ ਤੱਕ ਦੇ ਕਰਜ਼ਿਆਂ ਦਾ ਐਲਾਨ ਕੀਤਾ ਗਿਆ ਹੈ । ਮਿਡਲ ਕਲਾਸ ਲਈ ਕ੍ਰੈਡਿਟ ਲਿੰਕਡ ਸਬਸਿਡੀ ਸਕੀਮ ਮਾਰਚ 2021 ਤੱਕ ਵਧਾ ਦਿੱਤੀ ਗਈ ਹੈ।