Former DGP Saini Underground : ਚੰਡੀਗੜ੍ਹ : ਮੋਹਾਲੀ ਕੋਰਟ ਵੱਲੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ ਰੱਦ ਕਰਨ ਤੋਂ ਬਾਅਦ ਉਹ ਅੰਡਰਗ੍ਰਾਊਂਡ ਹੋ ਗਈ ਹੈ। ਪੰਜਾਬ ਪੁਲਿਸ ਨੇ ਸੈਣੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੀਆਂ ਸੱਤ ਟੀਮਾਂ ਚੰਡੀਗੜ੍ਹ ਤੋਂ ਇਲਾਵਾ ਪੰਜਾਬ, ਦਿੱਲੀ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ’ਚ ਸੈਣੀ ਦੀ ਭਾਲ ਕਰ ਰਹੀਆਂ ਹਨ। ਮੋਹਾਲੀ ਪੁਲਿਸ ਨੇ ਪਿਛਲੇ ਹਫਤੇ ਵੀ ਸੈਣੀ ਦੇ ਚੰਡੀਗੜ੍ਹ ਸਥਿਤ ਰਿਹਾਇਸ਼ ਅਤੇ ਹੋਰ ਠਿਕਾਣਿਆਂ ’ਤੇ ਦਬਿਸ਼ ਕੀਤੀ ਸੀ, ਪਰ ਮੋਹਾਲੀ ਅਦਾਲਤ ਵੱਲੋਂ ਸੈਣੀ ਦੀ ਗ੍ਰਿਫਤਾਰੀ ’ਤੇ ਅੰਤਰਿਮ ਰੋਕ ਲਗਾਉਣ ਕਾਰਨ ਪੁਲਿਸ ਨੂੰ ਕਾਰਵਾਈ ਰੋਕਣੀ ਪਈ।
ਉਧਰ ਸੁਮੇਧ ਸੈਣੀ ਦੀ ਪਤਨੀ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਇਕ ਚਿੱਠੀ ਲਿਖ ਕੇ ਉਨ੍ਹਾਂ ਦੇ ਪਰਿਵਾਰ ਤੋਂ ਸੁਰੱਖਿਆ ਵਾਪਿਸ ਲਏ ਜਾਣ ਦਾ ਦਾਅਵਾ ਕੀਤਾ, ਜਿਸ ਨਾਲ ਉਨ੍ਹਾਂ ਨੇ ਪਰਿਵਾਰ ਨੂੰ ਖਤਰੇ ਵਿਚ ਪਾਏ ਜਾਣ ਦਾ ਖਦਸ਼ਾ ਪ੍ਰਗਟਾਇਆ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਚਿੱਠੀ ਵਿੱਚ ਲਿਖਿਆ ਕਿ ਸਾਬਕਾ ਡੀਜੀਪੀ ਸੈਣੀ ਨੇ ਲੰਮੇ ਸਮੇਂ ਤੱਕ ਫੋਰਸ ਵਿੱਚ ਸੇਵਾ ਨਿਭਾ ਕੇ ਅੱਤਵਾਦ ਅਤੇ ਭ੍ਰਿਸ਼ਟਾਚਾਰ ਖਿਲਾਫ ਕੰਮ ਕੀਤਾ ਪਰ ਹੁਣ ਇਕ ਗਲਤ ਐਫਆਈਆਰ ਦਰਜ ਕਰਕੇ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ।
ਇਸ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡਿਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਕੇ ਸਪੱਸ਼ਟ ਕੀਤਾ ਹੈ ਕਿ ਇਹ ਬਿਲਕੁਲ ਗਲਤ ਹੈ ਕਿ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਪਰਿਵਾਰ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਕਤਲ ਦੇ ਮਾਮਲੇ ਵਿੱਚ ਲੱਗੇ ਦੋਸ਼ਾਂ ਕਾਰਨ ਉਹ ਸਾਰੇ ਅੰਡਰ ਗਰਾਉਂਡ ਹੋ ਗਏ ਹਨ । ਉਹ ਆਪਣੀ ਸੁਰੱਖਿਆ ਨੂੰ ਪਿੱਛੇ ਛੱਡ ਗਏ ਹਨ। ਉਨ੍ਹਾਂ ਦੀ ਸੁਰੱਖਿਆ ਪੁਲਿਸ ਅਜੇ ਵੀ ਉਨ੍ਹਾਂ ਦੀ ਰਿਹਾਇਸ਼ ‘ਤੇ ਮੌਜੂਦ ਹੈ।