Former DGP Sumedh Saini : ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖਿਲਾਫ 29 ਸਾਲਾਂ ਬਾਅਦ ਇਕ ਵਿਅਕਤੀ ਦੇ ਲਾਪਤਾ ਹੋਣ ਬਾਰੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਸੁਮੇਧ ਸਿੰਘ ਸੈਣੀ ਹਿਮਾਚਲ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਹਿਮਾਚਲ ਪੁਲਿਸ ਨੇ ਕਰਫਿਊ ਪਾਸ ਨਾ ਹੋਣ ਕਾਰਨ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ।
ਦੱਸ ਦਈਏ ਕਿ ਪੰਜਾਬ ਪੁਲਿਸ ਨੇ 1991 ਵਿਚ ਬਲਵੰਤ ਸਿੰਘ ਮੁਲਤਾਨੀ ਦੇ ਲਾਪਤਾ ਹੋਣ ਦੇ ਮਾਮਲੇ ਵਿਚ ਸਾਬਕਾ ਪੰਜਾਬ ਡੀਜੀਪੀ ਸੁਮੇਧ ਸਿੰਘ ਸੈਣੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸੁਮੇਧ ਸੈਣੀ ਉਸ ਸਮੇਂ ਚੰਡੀਗੜ੍ਹ ਦੇ ਸੀਨੀਅਰ ਪੁਲਿਸ ਕਪਤਾਨ ਸਨ। ਬਲਵੰਤ ਸਿੰਘ ਮੁਲਤਾਨੀ ਨੂੰ ਦੋ ਅਧਿਕਾਰੀਆਂ ਨੇ ਚੰਡੀਗੜ੍ਹ ਵਿਖੇ ਸੁਮੇਧ ਸੈਣੀ ਉੱਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਚੁੱਕ ਲਿਆ, ਜਿਸ ਵਿਚ ਉਸ ਦੀ ਸੁਰੱਖਿਆ ਵਿਚ ਚਾਰ ਪੁਲਿਸ ਮੁਲਾਜ਼ਮ ਮਾਰੇ ਗਏ ਸਨ। ਪੰਜਾਬ ਪੁਲਿਸ ਵਲੋਂ ਸੁਮੇਧ ਸੈਣੀ ਖਿਲਾਫ ਧਾਰਾ 364 (ਅਗਵਾ ਜਾਂ ਕਤਲ ਦੇ ਇਲਜ਼ਾਮ ਅਨੁਸਾਰ ਅਗਵਾ), 201 (ਸਬੂਤ ਗਾਇਬ ਹੋਣ ਕਾਰਨ), (ਗਲਤ ਕੈਦ) ਧਾਰਾ 330 (ਸਵੈ-ਇੱਛਾ ਨਾਲ ਇਕਬਾਲੀਆ ਬਿਆਨ ਕਰਨ ਲਈ ਸੱਟ ਪਹੁੰਚਾਉਣ ਵਾਲੇ) ਅਤੇ 120 (ਬੀ) (ਅਪਰਾਧਿਕ ਸਾਜਿਸ਼) ਤਹਿਤ ਕੇਸ ਦਰਜ ਕੀਤਾ ਗਿਆ ਸੀ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਇਸ ਮਾਮਲੇ ਵਿਚ ਕੇਂਦਰੀ ਜਾਂਚ ਬਿਊਰੋ (ਸੀਬੀਆਈ ) ਨੇ 2007 ਵਿਚ ਸੈਣੀ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਗਈ ਸੀ ਪਰ ਬਾਅਦ ਵਿਚ ਇਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ। ਜ਼ਿਕਰਯੋਗ ਹੈ ਕਿ ਬਲਵੰਤ ਸਿੰਘ ਮੁਲਤਾਨੀ ਦੇ ਲਾਪਤਾ ਹੋਣ ਦਾ ਮਾਮਲਾ ਸੈਣੀ ’ਤੇ ਹੋਏ ਅੱਤਵਾਦੀ ਹਮਲੇ ਨਾਲ ਸਬੰਧਤ ਹੈ। ਚੰਡੀਗੜ੍ਹ ਦੇ ਐਸਐਸਪੀ ਹੁੰਦਿਆਂ ਸੈਣੀ ’ਤੇ ਹਮਲਾ ਹੋਇਆ ਤਾਂ ਕਈ ਬੰਦੇ ਫੜ੍ਹੇ ਗਏ ਸਨ ਜਿਨ੍ਹਾਂ ਵਿਚ ਬਲਵੰਤ ਸਿੰਘ ਵੀ ਸ਼ਾਮਲ ਸੀ. ਬਲਵੰਤ ਸਿੰਘ ਦੇ ਲਾਪਤਾ ਹੋ ਜਾਣ ਕਾਰਨ ਇਸ ਮਾਮਲੇ ਵਿਚ ਪਰਿਵਾਰ ਨੇ ਲੰਬਾਸਮਾਂ ਸੈਣੀ ਖਿਲਾਫ ਕਾਨੂੰਨੀ ਲੜਾਈ ਜਾਰੀ ਰਖੀ, ਜਿਸ ਦਾ ਨਤੀਜਾ ਹੁਣ ਸੈਣੀ ਦੇ ਖਿਲਾਫ ਐਫਆਈਆਰ ਦੇ ਰੂਪ ਵਿਚ ਆਇਆ ਹੈ।