Former Inspection Anokh Singh : ਮੋਹਾਲੀ : ਪੰਜਾਬ ਦੇ ਸਾਬਕਾ ਆਈਏਐੱਸ ਅਧਿਕਾਰੀ ਦੇ ਬੇਟੇ ਤੇ ਸਿਟਕੋ ਦੇ ਜੂਨੀਅਰ ਇੰਜੀਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਅਗਵਾ ਮਾਮਲੇ ‘ਚ ਸਾਬਕਾ ਡੀਜਪੀ ਸੁਮੇਧ ਸੈਣੀ ਦੇ ਨਾਲ ਨਾਮਜ਼ਦ ਚੰਡੀਗੜ੍ਹ ਦੇ ਰਿਟਾਇਰਡ ਪੁਲਿਸ ਇੰਸਪੈਕਟਰ ਅਨੋਖ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ’ਤੇ ਦੋਸ਼ ਹੈ ਕਿ ਅਨੋਖ ਸਿੰਘ ਨੇ ਡੀਜੀਪੀ ਸੁਮੇਧ ਸੈਣੀ ਮਾਮਲੇ ਦੇ ਗਵਾਹ ਨੂੰ ਧਮਕਾਇਆ ਸੀ। ਅਨੋਖ ਸਿੰਘ ਨੂੰ ਖਰੜ ਸਦਰ ਪੁਲਿਸ ਨੇ ਮੰਗਲਵਾਰ ਸਵੇਰੇ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਦੋਸ਼ੀ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ।
ਰਿਟਾਇਰਡ ਪੁਲਿਸ ਇੰਸਪੈਕਟਰ ਅਨੋਖ ਸਿੰਘ ਤੇ ਰਿਟਾਇਰਡ ਪੁਲਿਸ ਇੰਸਪੈਕਟਰ ਜਗੀਰ ਸਿੰਘ ’ਤੇ ਦੋਸ਼ ਹੈ ਕਿ ਉਸ ਨੇ ਮੁਲਤਾਨੀ ਅਗਵਾ ਮਾਮਲੇ ’ਚ ਸ਼ਿਕਾਇਤਕਰਤਾ ਰਿਟਾਇਰਡ ਪੁਲਿਸ ਇੰਸਪੈਕਟਰ ਗੁਰਮੀਤ ਸਿੰਘ ਪਿੰਕੀ ਦੇ ਘਰ ਜਾ ਕੇ ਉਨ੍ਹਾਂ ਧਮਕਾਇਆ ਸੀ। ਇਸ ਮਾਮਲੇ ਦੀ ਸ਼ਿਕਾਇਤ ਪਿੰਕੀ ਨੇ ਖਰੜ ਸਦਰ ਪੁਲਿਸ ਸਟੇਸ਼ਨ ਵਿਚ ਕੀਤੀ ਸੀ। ਖਰੜ ਸਦਰ ਪੁਲਿਸ ਥਾਣੇ ਦੇ ਐਸਐਚਓ ਸੁਖਬੀਰ ਸਿੰਘ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਦੋਵੇਂ ਰਿਟਾਇਰਡ ਪੁਲਿਸ ਅਫਸਰਾਂ ਖਿਲਾਫ ਧਾਰਾ-195ਏ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਡੀਜੀਪੀ ਸੁਮੇਧ ਸੈਣੀ ਤੋਂ ਬਾਅਦ ਉਨ੍ਹਾਂ ਦੇ ਚਾਰ ਸਾਥੀ ਇੰਸਪੈਕਟਰ ਹਰਸਹਾਏ ਸ਼ਰਮਾ, ਜਗੀਰ ਸਿੰਘ, ਅਨੋਖ ਸਿੰਘ ਤੇ ਕੁਲਦੀਪ ਸਿੰਘ ਨੇ ਆਪਣੇ ਵਕੀਲ ਐਡਵੋਕੇਟ ਐਚਐਸ ਧਨੋਖਾ ਤੇ ਜੀਐਸ ਧਾਲੀਵਾਲ ਰਾਹੀਂ ਪੇਸ਼ਗੀ ਜ਼ਮਾਨਤ ਦੀ ਪਟੀਸ਼ਨ ਦਾਇਰ ਕੀਤੀ ਸੀ। 19 ਮਈ ਨੂੰ ਡੀਸ਼ਨਲ ਸੈਸ਼ਨ ਜੱਜ ਮੋਨਿਕਾ ਗੋਇਲ ਦੀ ਅਦਾਲਤ ਨੇ ਰਾਹਤ ਦਿੰਦੇ ਹੋਏ ਚਾਰਾਂ ਦੀ ਪੇਸ਼ਗੀ ਜ਼ਮਾਨਤ ਦੀ ਪਟੀਸ਼ਨ ਮਨਜ਼ੂਰ ਕਰ ਲਈ ਸੀ।
ਅਦਾਲਤ ਦੀਆਂ ਹਿਦਾਇਤਾਂ ਮੁਤਾਬਕ ਚਾਰੇ ਪੁਲਿਸ ਅਫਸਰਾਂ ਨੇ ਇਕ ਹਫਤੇ ਅੰਦਰ ਪੁਲਿਸ ਜਾਂਚ ਸ਼ਾਮਲ ਕੀਤੀ ਸੀ। ਉਕਤ ਦੋਸ਼ੀਆਂ ਦੇ ਪਾਸਪੋਰਟ ਜਮ੍ਹਾ ਕਰਨ ਤੋਂ ਇਲਾਵਾ ਉਨ੍ਹਾਂ ਕੋਲੋਂ 50-50 ਹਜ਼ਾਰ ਦੇ ਨਿੱਜੀ ਬਾਂਡ ਤੇ 1-1 ਜ਼ਾਨਤਾ ਮੁਚਲਕਾ ਵੀ ਕਰਵਾਇਆ ਗਿਆ ਸੀ। ਉਸ ਸਮੇਂ ਦੋਸ਼ੀਆਂ ਨੇ ਅਦਾਲਤ ਵਿਚ ਆਪਣੇ ਵਕੀਲ ਰਾਹੀਂ ਦੱਸਿਆ ਸੀ ਕਿ ਇਸ ਮਾਮਲੇ ’ਚ ਬਤੌਰ ਗਵਾਹ ਮਕਾਨ ਮਾਲਿਕ ਸੁਖਵਿੰਦਰ ਕੌਰ ਅੱਜ ਤੋਂ ਪਹਿਲਾਂ ਕਦੇ ਵੀ ਸਾਹਮਣੇ ਨਹੀਂ ਆਈ। ਬਲਵੰਤ ਸਿੰਘ ਮੁਲਤਾਨੀ ਨੂੰ ਕਾਦੀਆਂ ਥਾਣੇ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ, ਜਿਥੋਂ ਮੁਲਤਾਨੀ ਫਰਾਰ ਹੋ ਗਿਆ ਅਤੇ ਕਾਦੀਆਂ ਥਾਣੇ ਦੇ ਉਸ ਸਮੇਂ ਦੇ ਮੁੱਖ ਮੁਨਸ਼ੀ ਹਰਜੀਤ ਸਿੰਘ ਤੇ ਸਿਪਾਹੀ ਅਨੂਪ ਸਿੰਘ ਖਿਲਾਫ ਕਾਦੀਆਂ ਥਾਣੇ ’ਚ ਪੁਲਿਸ ਵੱਲੋਂ ਕੀਤੀ ਗਈ ਲਾਪਰਵਾਹੀ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਹੋ ਗਿਆ ਸੀ।