Former SHO Jaswinder Kaur : ਰਿਸ਼ਵਤ ਮਾਮਲੇ ਵਿੱਚ ਦੋਸ਼ੀ ਮਨੀਮਾਜਰਾ ਥਾਣੇ ਦੀ ਸਾਬਕਾ ਐੱਸਐੱਚਓ ਜਸਵਿੰਦਰ ਕੌਰ ਨੂੰ ਮੰਗਲਵਾਰ ਨੂੰ ਜ਼ਮਾਨਤ ਮਿਲ ਗਈ। ਅਦਾਲਤ ਨੇ ਇੱਕ ਲੱਖ ਦੀ ਗਾਰੰਟੀ ’ਤੇ ਦੋਸ਼ੀ ਨੂੰ ਜ਼ਮਾਨਤ ਦਿੱਤੀ। ਇਸ ਤੋਂ ਪਹਿਲਾਂ ਦੋਸ਼ੀ ਦੀ ਜਮ਼ਾਨਤ ਪਟੀਸ਼ਨ ’ਤੇ ਸੀਬੀਆਈ ਨੇ ਆਪਣਾ ਜਵਾਬ ਦਾਇਰ ਕੀਤਾ ਸੀ। ਸੀਬੀਆਈ ਨੇ ਜਸਵਿੰਦਰ ਕੌਰ ਦੀ ਜ਼ਮਾਨਤ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਉਹ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੀ ਹੈ।
ਮਨੀਮਾਜਰਾ ਥਾਣੇ ਵਿੱਚ ਜਸਵਿੰਦਰ ਕੌਰ ਨੇ ਰਿਸ਼ਵਤ ਦੇ ਮਾਮਲੇ ਵਿੱਚ ਡੀਡੀਆਰ ਕਰਕੇ ਝੂਠੇ ਸਬੂਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੀਸੀਟੀਵੀ ਫੁਟੇਜ ਨਾਲ ਜਸਵਿੰਦਰ ਕੌਰ ’ਤੇ ਲੱਗੇ ਸਾਰੇ ਦੋਸ਼ ਸਹੀ ਸਿੱਧ ਹੋ ਰਹੇ ਹਨ। ਜ਼ਮਾਨਤ ਦਿੱਤੇ ਜਾਣ ’ਤੇ ਉਹ ਮਾਮਲੇ ਨਾਲ ਸੰਬੰਧਤ ਸਬੂਤਾਂ ਅਤੇ ਗਵਾਹਾਂ ਨਾਲ ਛੇੜਛਾੜ ਕਰ ਸਕਦੀ ਹੈ। ਨਾਲ ਹੀ ਉਹ ਜਾਂਚ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਹ ਤਰਕ ਦਿੰਦੇ ਹੋਏ ਸੀਬੀਆਈ ਨੇ ਜਸਵਿੰਦਰ ਕੌਰ ਨੂੰ ਜ਼ਮਾਨਤ ਦਿੱਤੇ ਜਾਣ ਦਾ ਵਿਰੋਧ ਕੀਤਾ। ਦੱਸਣਯੋਗ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਜਸਵਿੰਦਰ ਕੌਰ ਨੇ ਸੀਬੀਆਈ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਉਸ ’ਤੇ ਲਗਾਏ ਗਏ ਸਾਰੇ ਦੋਸ਼ ਬਿਨਾਂ ਆਧਾਰ ਦੇ ਹਨ। ਉਹ ਕਿਸੇ ਵੀ ਗਵਾਹ ਨਾਲ ਸੰਪਰਕ ਨਹੀਂ ਕਰੇਗੀ। ਉਸ ਨੇ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਜ਼ਮਾਨਤ ਦੀ ਮੰਗ ਕੀਤੀ ਸੀ।
ਦੱਸਣਯੋਗ ਹੈ ਕਿ ਬੀਤੀ 30 ਜੂਨ ਨੂੰ ਜਸਵਿੰਦਰ ਕੌਰ ’ਤੇ ਭ੍ਰਿਸ਼ਟਾਚਾਰ ਰੋਕੂ ਐਕਟ, 1988 ਦੀ ਧਾਰਾ 120-ਬੀ (ਅਪਰਾਧਿਕ ਸਾਜ਼ਿਸ਼), 7 ਅਤੇ 7ਏ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਮਨੀਮਾਜਰਾ ਦੇ ਰਹਿਣ ਵਾਲੇ ਗੁਰਦੀਪ ਸਿੰਘ ਨੇ ਸੀਬੀਆਈ ਨੂੰ ਸ਼ਿਕਾਇਤ ਦਿੱਤੀ ਸੀ ਕਿ ਜਸਵਿੰਦਰ ਕੌਰ ਨੇ ਧੋਖਾਧਰੀ ਦੇ ਇੱਕ ਮਾਮਲੇ ਨੂੰ ਸੁਲਝਾਉਣ ਦੇ ਬਦਲੇ ਵਿੱਚ ਪੰਜ ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਉਸ ਖਿਲਾਪ ਐੱਫਆਈਆਰ ਦਰਜ ਕਰਨ ਦੀ ਧਮਕੀ ਵੀ ਸੀ। ਇਸ ਸੂਚਨਾ ’ਤੇ ਸੀਬੀਆਈ ਨੇ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਵਿਚੋਲੀਏ ਭਗਵਾਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ। ਸ਼ਿਕਾਇਤਕਰਤਾ ਮੁਤਾਬਕ ਇਹ ਰਿਸ਼ਵਤ ਜਸਵਿੰਦਰ ਕੌਰ ਦੇ ਕਹਿਣ ’ਤੇ ਲਈ ਗਈ ਸੀ। ਜਸਵਿੰਦਰ ਕੌਰ ਨੇ 25 ਜੁਲਾਈ ਨੂੰ ਅਦਾਲਤ ਵਿੱਚ ਸਰੈਂਡਰ ਕਰ ਦਿੱਤਾ ਸੀ। ਜਿਥੋਂ ਉਸ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।