Four Areas of Patiala : ਪਟਿਆਲਾ ਜ਼ਿਲ੍ਹੇ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਜਿਸ ਦੇ ਚੱਲਦਿਆਂ ਸਿਹਤ ਵਿਭਾਗ ਨੇ ਮੰਗਲਵਾਰ ਨੂੰ ਸ਼ਹਿਰ ਵਿੱਚ 2 ਹੋਰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨੇ ਹਨ। ਦੱਸਣਯੋਗ ਹੈ ਕਿ ਸੱਤ ਦਿਨਾਂ ਦੇ ਅੰਦਰ ਚਾਰ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਹੈ। ਸਿਹਤ ਵਿਭਾਗ ਨੇ ਦੱਸਿਆ ਕਿ ਰਾਜਾ ਐਨਕਲੇਵ, ਅਤੇ ਰਣਜੀਤ ਨਗਰ ਤੋਂ ਸੱਤ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਅੱਜ ਕੰਟਮੈਂਟ ਜ਼ੋਨਾਂ ਵਿੱਚ ਬਦਲਣ ਦਾ ਫੈਸਲਾ ਲਿਆ ਗਿਆ।
ਜਾਰੀ ਹਿਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਈਕਰੋ ਕੰਟੇਨਮੈਂਟ ਜ਼ੋਨ ਦੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਦੇ ਅਨੁਸਾਰ ਇਨ੍ਹਾਂ ਇਲਾਕਿਆਂ ਵਿੱਚ ਗੱਡੀਆਂ ਤੇ ਵਾਹਨਾਂ ਦੀ ਸਰਗਰਮੀਆਂ, ਨਿੱਜੀ ਅਤੇ ਜਨਤਕ ਆਵਾਜਾਈ ਨੂੰ ਵੀ ਸੀਮਤ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪ੍ਰਤਾਪ ਨਗਰ ਦੇ ਡੀ ਬਲਾਕ ਵਿੱਚ ਅੱਠ ਲੋਕਾਂ ਦੇ ਪਾਜ਼ੀਟਿਵ ਮਿਲਣ ਕਾਰਨ 18 ਘਰਾਂ ਦਾ ਏਰੀਆ ਅਤੇ ਦੀਪ ਨਗਰ ਦੀ ਗਲੀ ਨੰਬਰ ਤਿੰਨ ਵਿੱਚ ਪੰਜ ਪਾਜ਼ੀਟਿਵ ਮਾਮਲੇ ਮਿਲਣ ਕਾਰਨ ਛੇ ਘਰਾਂ ਦੇ ਇਲਾਕਿਆਂ ਨੂੰ ਸਿਹਤ ਵਿਭਾਗ ਵੱਲੋਂ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਪਟਿਆਲਾ ਦੇ ਸਿਵਲ ਸਰਜਨ ਡਾ: ਸਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਾਜ਼ੀਟਿਵ ਮਰੀਜ਼ਾਂ ਦੀ ਸੰਪਰਕ ਟਰੇਸਿੰਗ ਅਤੇ ਉਕਤ ਖੇਤਰਾਂ ਦੀ ਜਾਂਚ ਕਰਵਾਉਣ ਦੀ ਸ਼ੁਰੂਆਤ ਕੀਤੀ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਪੰਜਾਬ ਵਿੱਚ ਕੋਰੋਨਾ 1239 ਮਾਮਲੇ ਸਾਹਮਣੇ ਆਏ, ਜੋਕਿ ਜਨਵਰੀ ਮਹੀਨੇ ਵਿੱਚ ਸਭ ਤੋਂ ਵੱਧ ਰਹੇ ਹਨ। ਉਥੇ 14 ਲੋਕਾਂ ਦੀ ਇਸ ਮਹਾਮਾਰੀ ਨਾਲ ਮੌਤ ਹੋ ਗਈ। ਇਸ ਸਮੇਂ ਸੂਬੇ ਵਿੱਚ ਕੋਰੋਨਾ ਦੇ 8,020 ਐਕਟਿਵ ਮਾਮਲੇ ਹਨ।