Four Positive Cases of Corona : ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਚੰਡੀਗੜ੍ਹ ਵਿਚ ਕੋਰੋਨਾ ਦੇ 4 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਯੂਟੀ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾ 293 ਹੋ ਗਿਆ ਹੈ। ਇਨ੍ਹਾਂ ‘ਚੋਂ 90 ਮਾਮਲੇ ਅਜੇ ਵੀ ਐਕਟਿਵ ਹਨ। ਮਿਲੀ ਜਾਣਕਾਰੀ ਮੁਤਾਬਕ ਇੱਕ 40 ਸਾਲਾ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਪੀੜਤ ਵਿਅਕਤੀ ਖ਼ੁਦਾ ਅਲੀ ਸ਼ੇਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਨੂੰ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ।
ਇਸ ਤੋਂ ਇਲਾਵਾ ਕੈਨੇਡਾ ਤੋਂ ਚੰਡੀਗੜ੍ਹ ਆਈ ਇੱਕ 27 ਸਾਲਾ ਲੜਕੀ ਦੀ ਕੋਰੋਨਾ ਰਿਪੋਰਟ ਵਿਚ ਵੀ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਪੀੜਤ ਲੜਕੀ ਕੈਨੇਡਾ ‘ਚ ਪੜਾਈ ਕਰ ਰਹੀ ਸੀ ਅਤੇ ਹਾਲ ਹੀ ਵਿੱਚ ਉਹ ਕੈਨੇਡਾ ਤੋਂ ਆਪਣੇ ਘਰ ਪਰਤੀ ਸੀ। ਜਿਸ ਤੋਂ ਬਾਅਦ ਲੜਕੀ ਨੂੰ ਘਰ ‘ਚ ਹੀ ਕੁਆਰੰਟੀਨ ਕੀਤਾ ਗਿਆ ਸੀ। ਜਿਸ ਦੀ ਕਿ ਰਿਪੋਰਟ ਹੁਣ ਪਾਜ਼ੀਟਿਵ ਆਈ ਹੈ। ਦੱਸ ਦਈਏ ਕਿ ਉਕਤ ਲੜਕੀ ਦਾ ਪਰਿਵਾਰ ਇੱਥੇ ਹੀ ਰਹਿੰਦਾ ਹੈ। ਇਸ ਤੋਂ ਇਲਾਵਾ ਅੱਜ ਸਵੇਰੇ ਚੰਡੀਗੜ੍ਹ ਦੇ ਕੋਰੋਨਾ ਹੌਟਸਟਾਪ ਬਾਪੂ ਧਾਮ ਕਾਲੋਨੀ ‘ਚ ਵੀ ਕੋਰੋਨਾ ਦੇ 2 ਮਾਮਲੇ ਸਾਹਮਣੇ ਆਏ ਹਨ।
ਦੱਸਣਯੋਗ ਹੈ ਕਿ ਚੰਡੀਗੜ੍ਹ ਵਿਚ ਕੋਰੋਨਾ ਨਾਲ ਚਾਰ ਲੋਕਾੰ ਦੀ ਮੌਤ ਹੋ ਚੁੱਕੀ ਹੈ. ਸ਼ਨੀਵਾਰ ਨੂੰ ਲਗਾਤਾਰ ਦੂਜੇ ਦਿਨ ਸ਼ਹਿਰ ਵਿਚ ਇਕ ਵੀ ਨਵਾਂ ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਨਹੀਂ ਆਇਆ ਸੀ। ਸ਼ਨੀਵਾਰ ਨੂੰ 22 ਲੋਕਾਂ ਦੇ ਸੈਂਪਲ ਲੈ ਕੇ ਟੈਸਟ ਵਾਸਤੇ ਭੇਜੇ ਗਏ ਸਨ। ਸ਼ਹਿਰ ਵਿਚ ਅਜੇ ਤੱਕ 4654 ਲੋਕਾਂ ਦੇ ਸੈਂਪਲ ਦੇ ਕੋਰੋਨਾ ਟੈਸਟ ਲਈ ਭੇਜੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 4342 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ।