Fraud case registered against : ਪੰਜਾਬ ਦੀ ਮੋਹਾਲੀ ਪੁਲਿਸ ਨੇ OYO ਕੰਪਨੀ ਦੇ ਫਾਊਂਡਰ ਤੇ ਸੀਈਓ ਸਣੇ ਸੱਤ ਅਧਿਕਾਰੀਆਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਪਿੰਡ ਕਕਰਾਲੀ ਵਿੱਚ ਸਥਿਤ ਮੈਰਿਜ ਪੈਲੇਸ ਕਾਜਵਿਲਾ ਦੇ ਪ੍ਰਬੰਧਕ ਦੀ ਸ਼ਿਕਾਇਤ ’ਤੇ ਦਰਜ ਕੀਤੀ ਹੈ। ਸ਼ਿਕਾਇਤਕਰਤਾ ਮੁਤਾਬਕ ਉਕਤ ਕੰਪਨੀ ਦੇ ਨਾਲ ਉਨ੍ਹਾਂ ਦੇ ਮੈਰਿਜ ਪੈਲੇਸ ਦਾ ਇਕਰਾਰਨਾਮਾ ਸੀ, ਜਿਸ ਦੀਆਂ ਸ਼ਰਤਾਂ ਦੀ ਉਲੰਘਾ ਕੀਤੀ ਗਈ ਹੈ। ਇਕ ਪਾਸੇ ਤਾਂ ਉਨ੍ਹਾਂ ਨਾਲ ਇਕਰਾਰਨਾਮਾ ਖਤਮ ਕਰ ਦਿੱਤਾ, ਉਥੇ ਦੂਜੇ ਪਾਸੇ ਗਾਹਕਾਂ ਤੋਂ ਇਥੇ ਪ੍ਰੋਗਰਾਮ ਕਰਵਾਉਣ ਲਈ ਬੁਕਿੰਗ ਦੇ ਪੈਸੇ ਵਸੂਲਦੇ ਰਹੇ। ਦੋਸ਼ੀਆਂ ਵਿੱਚ OYO ਕੰਪਨੀ ਦੇ ਸੀਈਓ ਤੇ ਗਰੁੱਪ ਦੇ ਫਾਊਂਡਰ ਰਿਤੇਸ਼ ਅਗਰਵਾਲ, ਸੀਈਓ ਵੇਡਿੰਗ ਡਿਪਾਰਟਮੈਂਟ ਸੰਦੀਪ ਲੌਢਾ, ਤਰੁਣ ਅਲਾਵਦੀ ਕਾਨੂੰਨੀ ਅਧਿਕਾਰੀ, ਰੀਜਨਲ ਹੈੱਡ ਸੰਨੀ ਨਾਗਪਾਲ, ਆਪ੍ਰੇਸ਼ਨ ਹੈੱਡ ਸ਼ੌਵਿਕ ਸਿਨ੍ਹਾ, ਸਚਿਨ ਬੱਗਾ, ਹੇਮੰਤ ਪੰਤ ਡਾਇਰੈਕਟਰ ਐੱਸਬਓਬੀ ਨੂੰ ਨਾਮਜ਼ਦ ਕੀਤਾ ਹੈ।
ਥਾਣਾ ਇੰਚਾਰਜ ਸਹਾਇਕ ਇੰਸਪੈਕਟਰ ਸਤਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਕਕਰਾਲੀ ਵਿੱਚ ਸਥਿਤ ਮੈਰਿਜ ਪੈਲੇਸ ਕਾਜਾਵਿਲਾ ਦੇ ਮੈਨੇਜਰ ਤੇ ਮਿਨਰਲ ਫੂਡ ਪ੍ਰਾਈਵੇਟ ਲਿਮ. ਦੇ ਡਾਇਰੈਕਟਰ ਵਿਕਾਸ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵੱਲੋ ਉਕਤ ਪਿੰਡ ਵਿੱਚ ਕਾਜਾਵਿਲਾ ਰਿਜ਼ੋਰਟਸ ਦੇ ਨਾਂ ਨਾਲ ਮੈਰਿਜ ਪੈਲੇਸ ਚਲਾਇਆ ਜਾ ਰਿਹਾ ਹੈ। ਓਯੋ ਗਰੁੱਪ ਵੱਲੋਂ ਉਨ੍ਹਾਂ ਨਾਲ ਸੰਪਰਕ ਕਰਕੇ ਪੈਲੇਸ ਨੂੰ ਚਲਾਉਣ ਦੀ ਪੇਸ਼ਕਸ਼ ਕੀਤੀ ਗਈ। ਦੋਵਾਂ ਦੀ ਸਹਿਮਤੀ ਤੋਂ ਬਾਅਦ ਇਕਰਾਰਨਾਮਾ ਓਯੋ ਕੰਪਨੀ ਦੇ ਗਰੁੱਪ ਓਰੈਵਲ ਸਟੇਅਸ ਪ੍ਰਾਈਵੇਟ ਲਿਮਟਿਡ ਦੇ ਨਾਲ 29 ਜੂਨ 2019 ਦੇ ਨਾਲ ਤੈਅ ਹੋ ਗਿਆ।
ਇਕਰਾਰਨਾਮੇ ਮੁਤਾਬਕ ਉਕਤ ਕੰਪਨੀ ਇਥੇ ਵਿਆਹ-ਸ਼ਾਦੀਆਂ ਸਣੇ ਹੋਰ ਪ੍ਰੋਗਰਾਮਾਂ ਦੀ ਬੁਕਿੰਗ ਕਰਵਾਏਗੀ ਤੇ ਹਰ ਇੱਕ ਮਹੀਨੇ ਬਾਅਦ ਮੈਰਿਜ ਪੈਲੇਸ ਦੇ ਮੈਨੇਜਰਾਂ ਨੂੰ ਤੈਅ ਰਕਮ ਅਦਾ ਕਰੇਗੀ। ਕੰਪਨੀ ਵੱਲੋਂ 2020 ਜਨਵਰੀ ਤੱਕ ਸ਼ਰਤਾਂ ਮੁਤਾਬਕ ਭੁਗਤਾਨ ਕੀਤਾ ਪਰ ਇਸ ਦੀਆਂ ਸ਼ਰਤਾਂ ਦੀ ਉਲੰਘਣਾ ਸ਼ੁਰੂ ਕਰ ਦਿੱਤੀ। ਓਯੋ ਕੰਪਨੀ ਨੇ ਬਿਨਾਂ ਇਕ ਮਹੀਨੇ ਦਾ ਸਮਾਂ ਦਿੱਤੇ ਆਪਣੇ ਪੱਧਰ ’ਤੇ ਇਕਰਾਰਨਾਮਾ ਰੱਦ ਕਰ ਦਿੱਤਾ। ਇਕਰਾਰਨਾਮਾ ਰੱਦ ਕਰਨ ਦੇ ਬਾਵਜੂਦ ਕੰਪਨੀ ਵੱਲੋਂ ਮੈਰਿਜ ਪੈਲੇਸ ਵਿੱਚ ਬੁਕਿੰਗ ਕਰਕੇ ਪੈਸੇ ਆਪਣੇ ਕੋਲ ਰੱਖ ਕੇ ਧੋਖਾਧੜੀ ਕੀਤੀ ਹੈ। ਥਾਣਾ ਇੰਚਾਰਜ ਸਤਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਡੀਏ ਲੀਗਲ ਦੀ ਰਾਏ ਲਈ ਗਈ, ਜਿਨ੍ਹਾਂ ਨੇ ਆਪਣੀ ਰਿਪੋਰਟ ਵਿੱਚ ਕਿਹਾ ਗਿਆ ਕਿ ਕੰਪਨੀ ਵੱਲੋਂ ਆਪਣੇ ਪੱਧਰ ’ਤੇ ਇਕਰਾਰ ਖਤਮ ਕਰ ਦਿੱਤਾ ਗਿਆ ਹੈ। ਇਕਰਾਰਨਾਮਾ ਥਤਮ ਕਰਨ ਤੋਂ ਬਾਅਦ ਵੀ ਪ੍ਰੋਗਰਾਮਾਂ ਦੀ ਬੁਕਿੰਗ ਕੀਤੀ ਗਈ, ਜਿਨ੍ਹਾਂ ਦਾ ਕਾਨੂੰਨੀ ਤੌਰ ’ਤੇ ਉਨ੍ਹਾਂ ਕੋਲ ਕੋਈ ਹੱਕ ਨਹੀਂ ਸੀ। ਇਸ ਦੇ ਚੱਲਦੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।