Fraud of One crore : ਬਠਿੰਡਾ ਵਿਖੇ ਪਤੀ-ਪਤਨੀ ਅਤੇ ਉਨ੍ਹਾਂ ਦੀ ਇਕ ਮਹਿਲਾ ਸਾਥੀ ਵੱਲੋਂ ਮੌੜ ਇਲਾਕੇ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਦੇ ਲਗਭਗ 45 ਨੌਜਵਾਨਾਂ ਨੂੰ ਫੌਜ ’ਚ ਭਰਤੀ ਕਰਨ ਕਰਵਾਉਣ ਦਾ ਝਾਂਸਾ ਦੇ ਕੇ ਕਰੀਬ ਇਕ ਕਰੋੜ ਰੁਪਏ ਤੋਂ ਵਧ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਜੋੜੇ ਨੇ ਕਈ ਨੌਜਵਾਨਾਂ ਨੂੰ ਫਰਜ਼ੀ ਜੁਆਇਨਿੰਗ ਲੈਟਰ ਤੱਕ ਦਿੱਤੇ ਹਨ ਅਤੇ ਹੁਣ ਪੈਸੇ ਵਾਪਿਸ ਮੰਗਣ ’ਤੇ ਦੋਸ਼ੀਆਂ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਦੱਸਣਯੋਗ ਹੈ ਕਿ ਬੀਤੇ ਦਿਨ ਪ੍ਰੈੱਸ ਕਲੱਬ ਵਿਚ ਪੀੜਤ ਨੌਜਵਾਨਾਂ ਨਾਲ ਲੋਕ ਇਨਸਾਫ ਪਾਰਟੀ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਨੇ ਠੱਗੀ ਕਰਨ ਵਾਲੇ ਇਸ ਜੋੜੇ ਅਤੇ ਉਨ੍ਹਾਂ ਦੀ ਮਹਿਲਾ ਸਾਥੀ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ।
ਜਾਣਕਾਰੀ ਦਿੰਦਿਆਂ ਪੀੜਤ ਸੁਖਪ੍ਰੀਤ ਸਿੰਘ ਨਿਵਾਸੀ ਮੌੜ ਕਲਾਂ ਨੇ ਦੱਸਿਆ ਕਿ ਉਹ ਲਗਭਗ ਦੋ ਸਾਲ ਪਹਿਲਾਂ ਫਿਰੋਜ਼ਪੁਰ ਵਿਚ ਫੌਜ ’ਚ ਭਰਤੀ ਹੋਣ ਲਈ ਆਪਣੇ ਦੋਸਤਾਂ ਨਾਲ ਗਿਆ ਸੀ, ਜਿਥੇ ਉਨ੍ਹਾਂ ਦੀ ਮੁਲਾਕਾਤ ਦੋਸ਼ੀ ਰਾਜਪਾਲ ਸਿੰਘ, ਉਸ ਦੀ ਪਤਨੀ ਨੇਕਪਾਲ ਕੌਰ ਅਤੇ ਉਨ੍ਹਾਂ ਦੀ ਇਕ ਸਾਥੀ ਸੁਖਪਾਲ ਕੌਰ ਨਾਲ ਹੋਈ। ਇਸ ਤੋਂ ਬਾਅਦ ਦੋਸ਼ੀ ਨੇ ਉਸ ਸਣੇ ਲਗਭਗ 45 ਨੌਜਵਾਨਾਂ ਤੋਂ ਇਕ ਕਰੋੜ ਰੁਪਏ ਤੋਂ ਵੀ ਵੱਧ ਰੁਪਏ ਵਸੂਲੇ। ਸੁਖਪ੍ਰੀਤ ਨੇ ਦੱਸਿਆ ਕਿ ਦੋਸ਼ੀ ਨੇ ਉਨ੍ਹਾਂ ਤੋਂ 2 ਲੱਖ 50 ਹਜ਼ਾਰ ਰੁਪਏ ਲਏ ਸਨ। ਉਸ ਨੇ ਇਹ ਰੁਪਏ ਆਪਣੀ ਮਾਂ ਦੇ ਗਹਿਣਤੇ ਤੇ ਘਰੇਲੂ ਸਾਮਾਨ ਵੇਚ ਕੇ ਇਕੱਠਾ ਕੀਤੇ ਸਨ।
ਪੀੜਤ ਦੇ ਪਿਤਾ ਸੂਬੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਕਈ ਲੜਕਿਆਂ ਨੂੰ ਬਿਹਾਰ ਦੇ ਦਾਨਾਪੁਰ ਦੇ ਇਕ ਟ੍ਰੇਨਿੰਗ ਕੇਂਦਰ ਲੈ ਕੇ ਗਿਆ ਸੀ, ਜਿਥੇ ਉਹ ਕੁਝ ਫੌਜੀਆਂ ਨਾਲ ਮਿਲਿਆ ਸੀ। ਉਹ ਸ੍ਰੀ ਪਟਨਾ ਸਾਹਿਬ ਗੁਰਦੁਆਰਾ ਵਿਚ ਰੁਕੇ ਸਨ। ਰਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਮੌੜ ਇਲਾਕੇ ਦੇ ਕਈ ਪਿੰਡਾਂ ਦੇ ਨੌਜਵਾਨਾਂ ਨੂੰ ਦੋਸ਼ੀਆਂ ਨੇ ਫਰਜ਼ੀ ਜੁਆਇਨਿੰਗ ਲੈਟਰ ਤੱਕ ਦਿੱਤੇ। ਇਸ ਸਬੰਧੀ ਦੇਰ ਸ਼ਾਮ ਐਸਐਸਪੀ ਨਾਨਕ ਸਿੰਘ ਦੇ ਦਫਤਰ ਵਿਚ ਨਾ ਹੋਣ ਕਰਕੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਉਨ੍ਹਾਂ ਦੇ ਘਰ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਐਸਪੀ (ਦਿਹਾਤ) ਗੁਰਵਿੰਦਰ ਸਿੰਘ ਸੰਘਾ ਨੂੰ ਇਹ ਸ਼ਿਕਾਇਤ ਦਰਜ ਕਰਵਾਈ। ਇਸ ਬਾਰੇ ਐਸਪੀ ਸੰਘਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲ ਗਈ ਹੈ। ਮਾਮਲੇ ਦੀ ਜਾਂਚ ਡੀਐਸਪੀ ਇਨਵੈਸਟੀਗੇਸ਼ਨ ਨੂੰ ਸੌਂਪ ਦਿੱਤੀ ਗਈ ਹੈ। ਜਾਂਚ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।