Free buses for migrants : ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਮੁਫਤ ਰੇਲ ਯਾਤਰਾ ਦੀ ਸਹੂਲਤ ਮੁਹੱਈਆ ਕਰਵਾਉਣ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਦੇ 10 ਜ਼ਿਲਿਆਂ ਲਈ ਰੋਜ਼ਾਨਾ ਪ੍ਰਵਾਸੀ ਮਜ਼ਦੂਰਾਂ ਲਈ ਮੁਫਤ ਬੱਸਾਂ ਚਲਾਉਣ ਦਾ ਫੈਸਲਾ ਲਿਆ ਗਿਆ ਹੈ, ਇਹ ਬੱਸਾਂ ਜਲੰਧਰ ਸ਼ਹਿਰ ਤੋਂ ਚਲਾਈਆਂ ਜਾਣਗੀਆਂ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਿਸ ਭੇਜਣ ਲਈ ਇਹ ਬੱਸਾਂ ਗੌਤਮ ਬੁੱਧ ਨਗਰ, ਮੇਰਠ, ਗਾਜ਼ੀਆਬਾਦ, ਅਲੀਗੜ੍ਹ, ਬੁਲੰਦ ਸ਼ਹਿਰ, ਮਜੱਫਰ ਨਗਰ, ਬਾਗਪਤ, ਸਹਾਰਨਪੁਰ, ਮਥੁਰਾ ਅਤੇ ਹੇਪੁਰ ਲੀ ਚਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਵਧੀਕ ਕਮਿਸ਼ਨਰ ਨਗਰ ਨਿਗਮ ਸ਼੍ਰੀਮਤੀ ਬਬੀਤਾ ਕਲੇਰ ਅਤੇ ਸਹਾਇਕ ਕਮਿਸ਼ਨਰ ਰਣਦੀਪ ਸਿੰਘ ਗਿੱਲ ਇਨ੍ਹਾਂ 10 ਜ਼ਿਲਿਆਂ ਦੇ ਜ਼ਿਲਾ ਮੈਜਿਸਟ੍ਰੇਟਾਂ ਨਾਲ ਸੰਪਰਕ ਕਰਕੇ ਉਨ੍ਹਾਂ ਸਥਾਨਾਂ ਬਾਰੇ ਜਾਣਕਾਰੀ ਹਾਸਲ ਕਰਨਗੇ ਜਿਥੇ ਇਹ ਬੱਸਾਂ ਭੇਜੀਆਂ ਜਾਣੀਆਂ ਹਨ।
ਉਨ੍ਹਾਂ ਦੱਸਿਆ ਕਿ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਬਰਜਿੰਦਰ ਸਿੰਘ ਬੱਸਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਗੇ ਅਤੇ ਬੱਸਾਂ ਦੇ ਰਵਾਨਾ ਹੋਣ ਦੀ ਸਮਾਂ ਸਾਰਮਣ ਬਾਰੇ ਫੈਸਲਾ ਲੈਣਗੇ। ਇਸ ਤੋਂ ਇਲਾਵਾ ਬੱਸ ਅੱਡਾ ਜਿਥੋਂ ਬੱਸਾਂ ਰਵਾਨਾ ਹੋਣੀਆਂ ਹਨ ਲਈ ਇਕ ਨੋਡਲ ਅਫਸਰ ਵੀ ਤਾਇਨਾਤ ਕੀਤਾ ਜਾਵੇਗਾ। ਉਨ੍ਹਾੰ ਅੱਗੇ ਦੱਸਿਆ ਕਿ ਸਿਵਲ ਸਰਜਨ ਵੱਲੋਂ ਸਿਹਤ ਵਿਭਾਗ ਦੀ ਟੀਮ ਇਸ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਸਕ੍ਰੀਨਿੰਗ ਕਰਨ ਲਈ ਤਾਇਨਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਵਾਸੀਆਂ ਨੂੰ ਬੱਸ ਰਵਾਨਾ ਹੋਣ ਤੋਂ ਚਾਰ ਘੰਟੇ ਪਹਿਲਾਂ ਪਹੁੰਚਣ ਲਈ ਮੋਬਾਈਲ ਰਾਹੀਂ ਮੈਸੇਜ ਜਾਂ ਫੋਨ ਕਰਕੇ ਦੱਸਿਆ ਜਾਵੇਗਾ।
ਇਸ ਦੌਰਾਨ ਇਕ ਬੱਸ ਵਿਚ ਸਿਰਫ ਪ੍ਰਵਾਸੀਆਂ ਨੂੰ ਹੀ ਜਾਣ ਦੀ ਇਜਾਜ਼ਤ ਹੋਵੇਗੀ ਅਤੇ ਨੋਡਲ ਅਫਸਰ ਵੱਲੋਂ ਮੈਡੀਕਲ ਸਕ੍ਰੀਨਿੰਗ ਦੀਆਂ ਤਿੰਨ ਕਾਪੀਆਂ ਤਿਆਰ ਕੀਤੀਆਂ ਜਾਣਗੀਆਂ ਅਤੇ ਿਕ ਕਾਪੀ ਬੱਸ ਦੇ ਕੰਡਕਟਰ ਨੂੰ ਦਿੱਤੀ ਜਾਵੇਗੀ ਅਤੇ ਇਕ ਕਾਪੀ ਸਬੰਧਤ ਜ਼ਿਲੇ ਦੇ ਨੋਡਲ ਅਫਸਰ ਨੂੰ ਬੇਜੀ ਜਾਵੇਗੀ। ਡੀਸੀ ਸ਼ਰਮਾ ਤੇ ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਭੋਜਨ ਅਤੇ ਪਾਣੀ ਮੁਹੱਈਆ ਕਰਵਾਉਣ ਲਈ ਵੀ ਪੁਖਤਾ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਥਾਨਕ ਬੱਸ ਅੱਡੇ ’ਤੇ ਕਿਸੇ ਵੀ ਅਣਅਧਿਕਾਰਤ ਵਿਅਕਤੀ ਦੇ ਦਾਖਲ ਹੋਣ ਨੂੰ ਰੋਕਣ ਦੇ ਵੀ ਪੁਖਤਾ ਪ੍ਰਬੰਧ ਕੀਤੇ ਜਾਣਗੇ।