From Farm Labor to Bankers : ਪਟਿਆਲਾ ਦੇ ਪਿੰਡ ਮਵੀ ਸਪਾਂ ਦੀ ਸ਼ਿੰਦਰਪਾਲ ਹੌਸਲੇ, ਮਿਹਨਤ ਅਤੇ ਜਜ਼ਬੇ ਦੀ ਮਿਸਾਲ ਪੇਸ਼ ਕਰਦੀ ਹੈ, ਜਿਸ ਨੇ ਆਪਣੀ ਸਖਤ ਮਿਹਨਤ ਨਾਲ ਖੁਦ ਨੂੰ ਤਾਂ ਆਤਮਨਿਰਭਰ ਬਣਾਇਆ ਹੀ, ਸਗੋਂ ਹੋਰਾਂ ਲੋੜਵੰਦ ਔਰਤਾਂ ਦੀ ਰੋਜ਼ੀ-ਰੋਟੀ ਦਾ ਵੀ ਜ਼ਰੀਆ ਬਣ ਗਈ ਹੈ। ਦੋ ਬੱਚਿਆਂ ਦੀ ਮਾਂ 42 ਸਾਲਾ ਸ਼ਿੰਦਰਪਾਲ ਕੌਰ ਕਿਸੇ ਸਮੇਂ ਕੱਪੜਿਆਂ ਦੀ ਸਿਲਾਈ ਤੇ ਖੇਤਾਂ ਵਿੱਚ ਮਜ਼ਦੂਰੀ ਕਰਕੇ ਘਰ ਚਲਾਉਣ ਲਈ ਜੱਦੋ-ਜਹਿਦ ਕਰਦੀ ਸੀ, ਅੱਜ ਮਹਿਤ ਦਸ ਦਿਨ ਵਿੱਚ 60 ਹਜ਼ਾਰ ਰੁਪਏ ਤੋਂ ਵੱਧ ਮੁਨਾਫਾ ਇਕੱਲੇ ਕਮਾ ਲੈਂਦੀ ਹੈ।
ਸ਼ਿੰਦਰਪਾਲ ਦੀ ਸਫਲਤਾ ਦਾ ਇਹ ਸਫਰ 2017 ਵਿੱਚ ਚਾਰ ਹਜ਼ਾਰ ਰੁਪਏ ਦੇ ਕਰਜ਼ੇ ਨਾਲ ਸ਼ੁਰੂ ਹੋਇਆ। ਸ਼ੁਰੂਆਤ ’ਚ ਸ਼ਿੰਦਰਪਾਲ ਕੌਰ ਨੇ ਮਾਤਾ ਗੁਜਰੀ ਸੈਲਫ ਹੈਲਪ ਗਰੁੱਪ ਨਾਲ ਜੁੜ ਕੇ ਟੋਕਾ ਕਰਨ ਵਾਲੀ ਮਸ਼ੀਨ ਲਈ ਚਾਰ ਹਜ਼ਾਰ ਰੁਪਏ ’ਤੇ ਕਰਜ਼ਾ ਲਿਆ। ਇਹ ਕੰਮ ਚੱਲ ਪਿਆ ਅਤੇ ਆਮਦਨੀ ਹੋਣ ਲੱਗੀ ਤਾਂ ਉਸ ਦਾ ਆਤਮਵਿਸ਼ਵਾਸ ਵਧਿਆ। ਉਸ ਨੇ ਅੱਗੇ ਕਦਮ ਵਧਾਉਣ ਲਈ ਲੋਨ ’ਤੇ ਸੈਕੰਡ ਹੈਂਡ ਥ੍ਰੀ-ਵ੍ਹੀਲਰ ਖਰੀਦ ਲਿਆ। ਉਸ ਤੋਂ ਬਾਅਦ ਫੁਲਕਾਰੀ ਅਤੇ ਖਿਡੌਣੇ ਬਣਾਉਣ ਦੀ ਟ੍ਰੇਨਿੰਗ ਲੈ ਕੇ ਇਸ ਦਾ ਕੰਮ ਸ਼ੁਰੂ ਕੀਤਾ। ਇਸ ਤੋਂ ਬਾਅਦ ਸ਼ਿੰਦਰ ਨੇ ਫੁਲਕਾਰੀ ਅਤੇ ਖਿਡੌਣੇ ਬਣਾ ਕੇ ਸਰਸ ਮੇਲਿਆਂ ਵਿੱਚ ਜਾਣਾ ਸ਼ੁਰੂ ਕੀਤਾ। ਇਥੋਂ ਆਮਦਨੀ ਤਿੰਨ ਗੁਣਾ ਤੱਕ ਵੱਧ ਗਈ ਅਤੇ ਸਾਰੇ ਕਰਜ਼ੇ ਚੁਕਾ ਦਿੱਤੇ। ਇਸ ਤੋਂ ਬਾਅਦ ਵੀ ਸ਼ਿੰਦਰਪਾਲ ਦੇ ਅੱਗੇ ਵਧਣ ਦਾ ਸਫਰ ਜਾਰੀ ਰਿਹਾ। ਉਸ ਨੇ ਖੇਤੀਬਾੜੀ ਲੋਨ ਲੈ ਕੇ ਥੋੜ੍ਹੀ ਜ਼ਮੀਨ ਵੀ ਖਰੀਦੀ ਅਤੇ ਖੇਤੀ ਲਈ ਉਸ ਨੂੰ ਠੇਕੇ ’ਤੇ ਦੇ ਦਿੱਤਾ। ਇਸੇ ਦੌਰਾਨ ਉਸ ਨੇ ਪੰਜਾਬੀ ਯੂਨੀਵਰਸਿਟੀ ਦੇ ਟੂਰਿਜ਼ਮ ਤੇ ਹੋਟਲ ਮੈਨੇਜਮੈਂਟ ਡਿਪਾਰਟਮੈਂਟ ਤੋਂ ਖਾਣਾ ਬਣਾਉਣ ਤੇ ਪਰੋਸਨ ਦੀ ਟ੍ਰੇਨਿੰਗ ਹਾਸਿਲ ਕੀਤੀ। ਇਸ ਤੋਂ ਬਾਅਦ ਉਸ ਨੇ ਸਰਕਾਰੀ ਮੀਟਿੰਗਾਂ ਲਈ ਖਾਣਾ ਮੁਹੱਈਆ ਕਰਵਾਉਣਾ ਅਤੇ ਪਰੋਸਨਾ ਸ਼ੁਰੂ ਕੀਤਾ। ਇਸੇ ਸਾਲ ਹੋਏ ਪਟਿਆਲਾ ਹੈਰੀਟੇਜ ਫੈਸਟੀਵਲ ਵਿੱਚ ਉਸ ਨੇ ਪੰਜਾਬੀ ਫੂਡ ਸਟਾਲ ਲਗਾਕੇ ਦੋ ਲੱਖ ਰੁਪਏ ਤੋਂ ਵੱਧ ਦੀ ਵਿਕਰੀ ਕੀਤੀ। ਸਫਲਤਾ ਦੀਆਂ ਪੌੜ੍ਹੀਆਂ ਚੜ੍ਹਣ ਦੌਰਾਨ ਅੱਠਵੀਂ ਪਾਸ ਸ਼ਿੰਦਰ ਨੇ ਦਸਵੀਂ ਵੀ ਕਰ ਲਈ। ਹੁਣ ਉਹ ਸੂਬਾ ਪੱਧਰੀ ਬੈਂਕਰ ਕਮੇਟੀ ਦੀ ਮੀਟਿੰਗ ਨੂੰ ਅਕਸਰ ਸੰਬੋਧਿਤ ਕਰਦੀ ਹੈ।
ਸ਼ਿੰਦਰਪਾਲ ਕੌਰ ਦਾ ਕਹਿਣਾ ਹੈ ਕਿ ਮਾਤਾ ਗੁਜਰੀ ਸੈਲਫ ਹੈਲਫ ਗਰੁਪੱ ਦੀ ਮਦਦ ਤੋਂ ਬਾਅਦ ਉਮੀਦ ਜਗੀ ਤਾਂ ਆਪਣੇ ਹੀ ਪਿੰਡ ਵਿੱਚ ’ਸੁੱਚਾ ਮੋਤੀ ਮਹਿਲਾ ਗ੍ਰਾਮ ਸੰਗਠਨ’ ਨਾਂ ਨਾਲ ਗਰੁੱਪ ਬਣਾ ਲਿਆ। ਇਸ ਗਰੁੱਪ ਵਿੱਚ 17 ਔਰਤਾਂ ਨੂੰ ਜੋੜਿਆ ਹੁਣ ਉਨ੍ਹਾਂ ਦੀ ਗਿਣਤੀ 31 ਹੋ ਗਈ ਹੈ। ਉਨ੍ਹਾਂ ਨੂੰ ਫੁਲਕਾਰੀ ਅਤੇ ਖਿਡੌਣੇ ਬਣਾਉਣ ਦੀ ਟ੍ਰੇਨਿੰਗ ਦਿੱਤੀ ਅਤੇ ਸਰਸ ਮੇਲਿਆਂ ਵਿੱਚ ਭੇਜਣਾ ਸ਼ੁਰੂ ਕੀਤਾ। ਉਹ ਕਹਿੰਦੀ ਹੈ ਕਿ ’ਮੈਂ ਵਾਹੇਗੁਰੂ ਦੀ ਸ਼ੁਕਰਗੁਜ਼ਾਰ ਹਾਂ ਕਿ ਅੱਜ ਇਨ੍ਹਾਂ ਔਰਤਾਂ ਦੇ ਘਰਾਂ ਵਿੱਚ ਵੀ ਚੁਲਹੇ ਬਲ਼ਣ ਲੱਗੇ ਹਨ। ਕਿਸੇ ਚੀਜ਼ ਦੇ ਲਈ ਉਨ੍ਹਾਂ ਦੇ ਪਰਿਵਾਰ ਹੱਥ ਫੈਲਾਉਣ ਨੂੰ ਮਜਬੂਰ ਨਹੀਂ ਹਨ।’ ਸ਼ਿੰਦਰਪਾਲ ਦਾ ਸਫਰ ਪਿੰਡ ਤੱਕ ਹੀ ਨਹੀਂ ਰੁਕਿਆ, ਉਹ ਦੂਸਰੇ ਪਿੰਡਾਂ ਵਿੱਚ ਜਾ ਕੇ ਲੋੜਵੰਦ ਔਰਤਾਂ ਦਾ ਸਹਾਰਾ ਬਣ ਰਹੀ ਹੈ। ਉਸ ਨੇ ਦੱਸਿਆ ਕਿ ਸ਼ੁਰੂ-ਸ਼ੁਰੂ ਵਿੱਚ ਉਸ ਨੂੰ ਇਸ ਤਰ੍ਹਾਂ ਵੱਖ-ਵੱਖ ਕੰਮ ਅੱਗੇ ਵਧਾਉਣ ਵਿੱਚ ਮੁਸ਼ਕਲ ਹੋਈ ਸੀ ਪਰ ਸਿਰਫ ਤਿੰਨ ਸਾਲਾਂ ਵਿੱਚ ਸਭ ਸੌਖਾ ਹੋ ਗਿਆ ਹੈ। ਉਹ ਕਹਿੰਦੀ ਹੈ ਕਿ ਕੋਸ਼ਿਸ਼ਾਂ ਸਫਲ ਹੋ ਜਾਣ ਤਾਂ ਹਰ ਤਰ੍ਹਾਂ ਦੀ ਦਿੱਕਤ ਇਨਸਾਨ ਭੁੱਲ ਜਾਂਦਾ ਹੈ, ਥਕਾਵਟ ਉਤਰ ਜਾਂਦੀ ਹੈ। ਹਾਂਪੱਖੀ ਰਵੱਈਆ ਹੋਵੇ ਤਾਂ ਕੋਈ ਕੰਮ ਛੋਟਾ-ਵੱਡਾ ਜਾਂ ਔਰਤ-ਮਰਦ ਦਾ ਨਹੀਂ ਲੱਗਦਾ, ਫਿਰ ਕਿਸਮਤ ਵੀ ਸਾਥ ਦਿੰਦੀ ਹੈ।