Gender determination test gang : ਪਟਿਆਲਾ ਪੁਲਿਸ ਵੱਲੋਂ ਗਰਭਵਤੀ ਔਰਤਾਂ ਦਾ ਗ਼ੈਰ-ਕਾਨੂੰਨੀ ਢੰਗ ਨਾਲ ਲਿੰਗ ਨਿਰਧਾਰਨ ਟੈਸਟ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਗਿਰੋਹ ਦੇ ਚਾਰ ਮੈਂਬਰਾਂ ਕੋਲੋਂ ਇਕ ਅਲਟਰਾਸਾਊਂਡ ਮਸ਼ੀਨ ਵੀ ਬਰਾਮਦ ਕੀਤੀ ਗਈ ਹੈ। ਦੋਸ਼ੀਆਂ ਦੀ ਪਛਾਣ ਮੀਨਾ ਰਾਣੀ ਪਤਨੀ ਲੇਟ ਰਵਿੰਦਰ ਸਿੰਘ ਵਾਸੀ ਸਟਾਰ ਸਿਟੀ ਚੌਰਾ, ਜਰਨੈਲ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਸਵਾਜਪੁਰ, ਡਾਕਟਰ ਅਨਿਲ ਕਪੂਰ ਪੁੱਤਰ ਲੇਟ ਚੰਦ ਪ੍ਰਕਾਸ਼ ਕਪੂਰ ਵਾਸੀ ਗੁਰਬਖਸ਼ ਕਲੋਨੀ ਅਤੇ ਰਾਜੀਵ ਕੁਮਾਰ ਉਰਫ਼ ਰਾਜੂ ਪੁੱਤਰ ਰਾਜਪਾਲ ਹਾਲ ਵਾਸੀ ਕਿਰਾਏਦਾਰ ਅਰਬਨ ਅਸਟੇਟ ਫੇਸ-1 ਪਟਿਆਲਾ ਵਜੋਂ ਹੋਈ ਹੈ। ਇਨ੍ਹਾਂ ਖਿਲਾਫ ਪੁਲਿਸ ਵੱਲੋਂ ਗਰਭ ਵਿੱਚ ਲਿੰਗ ਜਾਂਚ ਦੀਆਂ ਤਕਨੀਕਾਂ ਦੀ ਦੁਰਵਰਤੋਂ ਵਿਰੁੱਧ ਐਕਟ 1994, 420, 308, 120-ਬੀ ਆਈ.ਪੀ.ਸੀ. ਥਾਣਾ ਅਰਬਨ ਅਸਟੇਟ ਪਟਿਆਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ।
ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਪਿੰਡ ਚੌਰਾ ਵਿਖੇ ਪਿੰਡ ਚੌਰਾ ਵਿਖੇ ਇੱਕ ਘਰ ਵਿੱਚ ਨਜਾਇਜ਼ ਤੌਰ ‘ਤੇ ਇਹ ਸੈਂਟਰ ਚਲਾਇਆ ਜਾ ਰਿਹਾ ਸੀ, ਜਿਥੇ ਗਰਭਵਤੀ ਔਰਤਾਂ ਦੇ ਪੇਟ ਵਿੱਚ ਪਲ ਰਹੇ ਬੱਚੇ ਦਾ ਲਿੰਗ ਟੈਸਟ ਕਰਨ ਅਤੇ ਉਨ੍ਹਾਂ ਦਾ ਗਰਭਪਾਤ ਕੀਤਾ ਜਾਂਦਾ ਸੀ। ਇਸ ਦੀ 22 ਅਕਤੂਬਰ ਨੂੰ ਸਿਵਲ ਸਰਜਨ ਪਟਿਆਲਾ ਵੱਲੋਂ ਸੂਚਨਾ ਮਿਲਣ ‘ਤੇ ਇੱਕ ਸਪੈਸ਼ਲ ਟੀਮ ਦਾ ਗਠਨ ਐਸ.ਪੀ. ਸਿਟੀ ਵਰੁਣ ਸ਼ਰਮਾ ਦੀ ਨਿਗਰਾਨੀ ਹੇਠ ਕੀਤਾ ਗਿਆ, ਜਿਸ ਵਿਚ ਡਾਕਟਰ ਜਤਿੰਦਰ ਕਾਂਸਲ (ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ) ਸਮੇਤ ਤਿੰਨ ਮਾਹਿਰ ਡਾਕਟਰ ਸ਼ਾਮਲ ਸਨ। ਪੁਲਿਸ ਵੱਲੋਂ ਇਨ੍ਹਾਂ ਦੇ ਘਰ ਵਿੱਚ ਰੇਡ ਮਾਰੀ ਗਈ। ਦੱਸਣਯੋਗ ਹੈ ਕਿ ਡਾਕਟਰ ਅਨਿਲ ਕੁਮਾਰ ਗਰਭਵਤੀ ਔਰਤਾਂ ਨੂੰ ਟੈਸਟ ਕਰਵਾਉਣ ਲਈ ਮੀਨਾ ਰਾਣੀ ਕੋਲ ਭੇਜਦਾ ਸੀ, ਜਿਥੇ ਲਿੰਗ ਜਾੰਚ ਕਰਨ ਦੇ 40-50 ਹਜ਼ਾਰ ਰੁਪਏ ਵਸੂਲੇ ਜਾਂਦੇ ਸਨ ਤੇ ਬਾਅਦ ਵਿੱਚ ਗਰਭਪਾਤ ਵੀ ਕੀਤਾ ਜਾਂਦਾ ਸੀ। ਮੀਨਾ ਰਾਣੀ ਲੋਕਾਂ ਨੂੰ ਧੋਖਾ ਦੇਣ ਲਈ ਆਪਣੇ ਆਪ ਨੂੰ ਇਸ ਕੰਮ ਲਈ ਆਥੋਰਾਈਜਡ ਅਤੇ ਕੁਆਲੀਫਾਈਡ ਦੱਸਦੀ ਸੀ। ਦੋਸ਼ੀਆਂ ਕੋਲੋਂ ਅਲਟਰਾਸਾਊਂਡ ਮਸ਼ੀਨ ਅਤੇ ਵੱਡੀ ਮਾਤਰਾ ਵਿੱਚ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ।
ਐਸਐਸਪੀ ਪਟਿਆਲਾ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਮੀਨਾ ਰਾਣੀ ਨੈਸ਼ਨਲ ਹੈਲਥ ਮਿਸ਼ਨ ਤਹਿਤ ਏ.ਐਨ.ਐਮ, ਸਬ ਸੈਂਟਰ ਜਲਾਲਪੁਰ ਵਿਖੇ ਲੱਗੀ ਹੋਈ ਹੈ। ਇਸ ਦੇ ਖਿਲਾਫ਼ ਪਹਿਲਾਂ ਵੀ ਲਿੰਗ ਜਾਂਚ ਕਰਨ ਅਤੇ ਗਰਭਪਾਤ ਕਰਨ ਸਬੰਧੀ ਚਾਰ ਮੁੱਕਦਮੇ ਦਰਜ ਹਨ। ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।