ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਬੀਤੇ ਕੱਲ੍ਹ ਇੱਕ ਲੜਕੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੀ ਪਰਿਕਰਮਾ ਵਿੱਚ ਯੋਗ ਆਸਣ ਦੇ ਵਿੱਚ ਤਸਵੀਰਾਂ ਖਿਚਵਾ ਕੇ ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਕਰਨ ਦੇ ਮਾਮਲੇ ਵਿੱਚ ਕਿਹਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਸਿੱਖ ਰੂਹਾਨੀਅਤ ਦਾ ਕੇਂਦਰ ਹੈ ਅਤੇ ਇੱਥੇ ਸਮੁੱਚੀ ਮਾਨਵ ਜਾਤੀ ਨੂੰ ਰੱਬੀ ਏਕਤਾ ਦਾ ਸੰਦੇਸ਼ ਮਿਲਦਾ ਹੈ ਪਰ ਯੋਗ ਆਸਣ ਦੀ ਸਿੱਖ ਧਰਮ ਵਿੱਚ ਕੋਈ ਮਹੱਤਤਾ ਨਹੀਂ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਸਿੱਖ ਧਰਮ ਇੱਕ ਨਿਆਰਾ ਅਤੇ ਨਿਰਾਲਾ ਧਰਮ ਹੈ ਜਿਸ ਬਾਰੇ ਕੁਝ ਤਾਕਤਾਂ ਜਾਣ-ਬੁੱਝ ਕੇ ਗਲਤ ਪ੍ਰਚਾਰ ਕਰਨ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਧਰਮ ਆਪਣੇ ਆਸ-ਪਾਸ ਦੇ ਸਮਾਜ ਨੂੰ ਤਿਆਗ ਕੇ ਆਪਣੇ ਸਰੀਰ ਦੀਆਂ ਬਹੱਤਰ ਹਜ਼ਾਰ ਨਾੜੀਆਂ ਵਿਚ ਕੁੰਡਲੀ ਜਗਾਉਣ ਵਾਲਾ ਧਰਮ ਨਹੀਂ ਹੈ, ਨਾ ਹੀ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਨਿਵਲੀ ਕਰਮ ਕਰਨ ਵਾਲਾ ਅਤੇ ਜੋਗੀਆਂ ਵਾਲੇ 84 ਆਸਣਾਂ ਦੇ ਨਾਲ ਸਾਧਨਾ ਕਰਨ ਵਾਲਾ ਮਤ ਹੈ ਬਲਕਿ ਇਸ ਦਾ ਆਦਰਸ਼ਵਾਦ ‘‘ਨਾਨਕ ਸਤਿਗੁਰਿ ਭੇਟੀਐ ਪੂਰੀ ਹੋਵੈ ਜੁਗਤਿ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥’’ ਦੇ ਨਿਰਬਾਣ ਆਸ਼ੇ ਨੂੰ ਸੇਧਿਤ ਹੈ। ਇਸ ਕਾਰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਤਮ ਜਗਿਆਸੂਆਂ ਲਈ ਗੁਰਬਾਣੀ ਦੇ ਰੂਹਾਨੀ ਆਭਾ ਮੰਡਲ ਦਾ ਲਾਹਾ ਲੈਣ ਦਾ ਮੁਕੱਦਸ ਅਸਥਾਨ ਹੈ ਅਤੇ ਇਸ ਪਾਵਨ ਅਸਥਾਨ ਦੀ ਹਦੂਦ ਅੰਦਰ ਯੋਗ ਆਸਣ ਆਦਿ ਕਿਰਿਆਵਾਂ, ਜਿਨ੍ਹਾਂ ਦੀ ਸਿੱਖ ਧਰਮ ਵਿਚ ਕੋਈ ਮਾਨਤਾ ਨਾ ਹੋਵੇ, ਕਰਨੀਆਂ ਘੋਰ ਮਨਮਤਿ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਰੀਰਕ ਕਸਰਤ ਲਈ ਸਿੱਖਾਂ ਨੂੰ ਗੱਤਕਾ ਵਰਗੀ ਜੰਗਜੂ ਕਲਾ ਦਿੱਤੀ ਹੈ ਅਤੇ ਸਿੱਖ ਯੋਗ ਨਹੀਂ, ਗੱਤਕਾ ਖੇਡਦੇ ਹਨ।
ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਦੇਸ਼ ਕੀਤਾ ਕਿ ਭਵਿੱਖ ਵਿੱਚ ਇਸ ਗੱਲ ਵੱਲ ਸੁਚੇਤ ਰੂਪ ਵਿੱਚ ਧਿਆਨ ਦਿੱਤਾ ਜਾਵੇ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਸਮੂਹ ਅੰਦਰ ਕੋਈ ਵੀ ਅਜਿਹੀ ਕਿਰਿਆ ਜਾਂ ਕਰਮ ਨਾ ਹੋਣ ਦਿੱਤਾ ਜਾਵੇ, ਜੋ ਸਿੱਖ ਧਰਮ ਦੇ ਨਿਆਰੇਪਨ ਦੇ ਉਲਟ ਅਤੇ ਗੁਰੂ-ਘਰ ਦੀ ਮਰਿਆਦਾ ਵਿਚ ਫਰਕ ਪਾਉਂਦੀ ਹੋਵੇ। ਉਨ੍ਹਾਂ ਸਪੱਸ਼ਟ ਕਿਹਾ ਕਿ ਹਰੇਕ ਨੂੰ ਆਪਣੇ ਵਿਸ਼ਵਾਸ ਮੁਬਾਰਕ ਹਨ ਪਰ ਸਿੱਖ ਇਹੋ ਜਿਹੇ ਕੋਝੇ ਮਨਸੂਬੇ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ, ਜੋ ਸਿੱਖਾਂ ਦੇ ਸਿਧਾਂਤਾਂ ਤੇ ਮਰਿਆਦਾ ਨੂੰ ਠੇਸ ਪਹੁੰਚਾਉਂਦੇ ਹੋਣ। ਉਨ੍ਹਾਂ ਆਖਿਆ ਕਿ ਸਰਕਾਰਾਂ ਨੂੰ ਵੀ ਇਹੋ ਜਿਹੇ ਸ਼ਰਾਰਤੀ ਲੋਕਾਂ ਨੂੰ ਸਖਤੀ ਨਾਲ ਨੱਥ ਪਾਉਣੀ ਚਾਹੀਦੀ ਹੈ, ਜੋ ਕਿਸੇ ਨਫਰਤ ਭਰੀ ਸੋਚ ਦੇ ਪਿੱਛੇ ਲੱਗ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਕੋਝੇ ਯਤਨ ਕਰਦੇ ਹਨ ਅਤੇ ਸਮਾਜ ਦਾ ਮਾਹੌਲ ਖਰਾਬ ਕਰਦੇ ਹਨ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .