Gold and silver coins to be minted : ਅੰਮ੍ਰਿਤਸਰ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਬਣਾਉਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਪਰਾਲੇ ਲਗਾਤਾਰ ਜਾਰੀ ਹੈ। ਇਸੇ ਲੜੀ ਵਿੱਚ ਐਸਜੀਪੀਸੀ ਨੇ ਇਸ ਇਤਿਹਾਸਕ ਸ਼ਤਾਬਦੀ ਦਿਹਾੜੇ ਨੂੰ ਯਾਦਗਾਰ ਬਣਾਉਣ ਲਈ ਸੋਨੇ ਅਤੇ ਚਾਂਦੀ ਦੇ ਸਿੱਕੇ ਤਿਆਰ ਕਰਵਾਉਣ ਦਾ ਐਲਾਨ ਕੀਤਾ ਹੈ। ਸ਼ਤਾਬਦੀ ਨੂੰ ਸਮਰਪਿਤ ਦੇਸ਼ ਅੰਦਰ ਵੱਖ-ਵੱਖ 10 ਸੈਮੀਨਾਰ ਕਰਵਾਏ ਜਾਣਗੇ ਅਤੇ ਇਨ੍ਹਾਂ ਸੈਮੀਨਾਰਾਂ ਦੌਰਾਨ ਪੜ੍ਹੇ ਗਏ ਪਰਚਿਆਂ ਵਿੱਚੋਂ ਚੋਣਵਿਆਂ ਨੂੰ ਕਿਤਾਬੀ ਰੂਪ ਵਿਚ ਸੰਗ੍ਰਹਿਤ ਕੀਤਾ ਜਾਵੇਗਾ।
ਇਹ ਐਲਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਆਰੰਭ ਕੀਤੀ ਗਈ ਸੈਮੀਨਾਰਾਂ ਦੀ ਲੜੀ ਤਹਿਤ ਇਥੇ ਤ੍ਰੈ-ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਵਿਖੇ ਕਰਵਾਏ ਗਏ ਪਹਿਲੇ ਸੈਮੀਨਾਰ ’ਚ ਸ਼ਮੂਲੀਅਤ ਕਰਨ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਦਾ ਜੀਵਨ ਇਤਿਹਾਸ ਸਿੱਖਾਂ ਦੇ ਨਾਲ-ਨਾਲ ਪੂਰੇ ਦੇਸ਼ ਵਾਸੀਆਂ ਅਤੇ ਦੁਨੀਆਂ ਭਰ ਵਿਚ ਵੱਸਦੇ ਲੋਕਾਂ ਲਈ ਪ੍ਰੇਰਣਾ ਸਰੋਤ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਿੱਖ ਧਰਮ ਇਤਿਹਾਸ ਨਾਲ ਜੋੜਨ ਲਈ ਵੱਧ ਤੋਂ ਵੱਧ ਯਤਨ ਕਰਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਯਾਦਗਾਰੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਵੱਖ-ਵੱਖ ਪੁਰਾਤਨ ਪੁਸਤਕਾਂ ਨੂੰ ਪੁਨਰ ਪ੍ਰਕਾਸ਼ਤ ਕਰਨ ਦਾ ਐਲਾਨ ਕੀਤਾ ਸੀ। ਬੱਚਿਆਂ ਲਈ ਸਚਿੱਤਰ ਕਿਤਾਬਾਂ ਤਿਆਰ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿਚ ਇਤਿਹਾਸਕ ਤਸਵੀਰਾਂ ਦੇ ਨਾਲ-ਨਾਲ ਇਤਿਹਾਸ ਦਰਜ਼ ਹੋਵੇਗਾ। ਇਸ ਤੋਂ ਇਲਾਵਾ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯਾਦਗਾਰੀ ਡਾਇਰੀ ਛਾਪੀ ਜਾਵੇਗੀ। ਇਸ ਡਾਇਰੀ ਵਿਚ ਗੁਰੂ ਸਾਹਿਬ ਨਾਲ ਸਬੰਧਤ ਇਤਿਹਾਸਕ ਅਸਥਾਨਾਂ ਦੀਆਂ ਤਸਵੀਰਾਂ ਅਤੇ ਇਤਿਹਾਸਕ ਘਟਨਾਵਾਂ ਦਰਜ ਕੀਤੀਆਂ ਜਾਣਗੀਆਂ।