Government hikes excise duty: ਨਵੀਂ ਦਿੱਲੀ: ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਵਾਟ ਦੇ ਚੱਲਦੇ ਕਰੂਡ ‘ਤੇ ਲਗਾਏ ਜਾਣ ਵਾਲੇ ਆਯਾਤ ਫੀਸ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਲਈ ਕੇਂਦਰ ਸਰਕਾਰ ਨੇ ਪੈਟਰੋਲ ਦੀਆਂ ਕੀਮਤਾਂ ‘ਤੇ 10 ਰੁਪਏ ਅਤੇ ਡੀਜ਼ਲ ਦੀਆਂ ਕੀਮਤਾਂ ‘ਤੇ 13 ਰੁਪਏ ਪ੍ਰਤੀ ਲਿਟਰ ਐਕਸਾਇਜ਼ ਦਰ ਵਧਾ ਦਿੱਤੀ ਹੈ । ਇਹ ਬਦਲਾਅ ਮੰਗਲਵਾਰ ਅੱਧੀ ਰਾਤ ਤੋਂ ਲਾਗੂ ਹੋ ਗਏ ਹਨ, ਪਰ ਇਸ ਤਬਦੀਲੀ ਦਾ ਆਮ ਲੋਕਾਂ ‘ਤੇ ਕੋਈ ਅਸਰ ਨਹੀਂ ਹੋਵੇਗਾ, ਕਿਉਂਕਿ ਤੇਲ ਕੰਪਨੀਆਂ ਖ਼ੁਦ ਕੀਮਤਾਂ ਵਾਧੇ ਦੀ ਭਰਪਾਈ ਕਰਨਗੀਆਂ ਅਤੇ ਪੈਟਰੋਲ ਅਤੇ ਡੀਜ਼ਲ ਦੀ ਪ੍ਰਚੂਨ ਕੀਮਤ ਉਹੀ ਰਹੇਗੀ । ਹਾਲਾਂਕਿ, ਇਸ ਵਾਧੇ ਨਾਲ ਕੇਂਦਰ ਦੇ ਮਾਲੀਏ ਵਿੱਚ ਭਾਰੀ ਵਾਧਾ ਹੋਵੇਗਾ ਅਤੇ ਵਿਸ਼ਵ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਕਮੀ ਦਾ ਲਾਭ ਭਾਰਤੀ ਲੋਕਾਂ ਨੂੰ ਨਹੀਂ ਮਿਲੇਗਾ ।
ਦੱਸ ਦੇਈਏ ਕਿ ਇਸ ਬਦਲਾਅ ਵਿੱਚ 8 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਪੈਟਰੋਲ ਅਤੇ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਵਧਾਈ ਗਈ ਹੈ । ਇਸ ਤੋਂ ਇਲਾਵਾ ਪੈਟਰੋਲ ‘ਤੇ 2 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ‘ਤੇ 5 ਰੁਪਏ ਪ੍ਰਤੀ ਲੀਟਰ ਦੀ ਸਪੈਸ਼ਲ ਐਡੀਸ਼ਨਲ ਡਿਊਟੀ ਵੀ ਲਗਾਈ ਗਈ ਹੈ । ਇਸ ਤਰ੍ਹਾਂ ਕੁੱਲ ਮਿਲਾ ਕੇ ਪੈਟਰੋਲ ਦੀ ਕੀਮਤ ਵਿੱਚ 10 ਰੁਪਏ ਅਤੇ ਡੀਜ਼ਲ ਦੀ ਕੀਮਤ ਵਿੱਚ 13 ਰੁਪਏ ਦਾ ਵਾਧਾ ਹੋਇਆ ਹੈ ।
ਦਰਅਸਲ, ਪੂਰੀ ਦੁਨੀਆ ਵਿੱਚ ਲਾਕਡਾਊਨ ਕਾਰਨ ਕੱਚੇ ਤੇਲ ਦੀ ਖਪਤ ਵਿੱਚ ਭਾਰੀ ਗਿਰਾਵਟ ਆਈ ਹੈ, ਪਰ ਤੇਲ ਦੇ ਉਤਪਾਦਨ ਵਿੱਚ ਕੋਈ ਖਾਸ ਗਿਰਾਵਟ ਨਹੀਂ ਆਈ । ਇਸ ਲਈ ਵਿਸ਼ਵ ਦੇ ਤੇਲ ਬਾਜ਼ਾਰ ਵਿੱਚ ਮੰਦੀ ਹੈ ਅਤੇ ਤੇਲ ਦੀਆਂ ਕੀਮਤਾਂ ਹੇਠਾਂ ਆ ਗਈਆਂ ਹਨ । ਭਾਰਤੀ ਤੇਲ ਕੰਪਨੀਆਂ ਇਸ ਦਾ ਫਾਇਦਾ ਘੱਟ ਕੀਮਤਾਂ ‘ਤੇ ਤੇਲ ਖਰੀਦ ਕੇ ਲੈ ਰਹੀਆਂ ਹਨ ।
ਦੇਖਿਆ ਜਾਵੇ ਤਾਂ ਭਾਰਤ ਦੇ ਲੋਕ ਵੀ ਇਸ ਸਸਤੇ ਤੇਲ ਦਾ ਲਾਭ ਪ੍ਰਾਪਤ ਕਰ ਸਕਦੇ ਸਨ, ਪਰ ਕੇਂਦਰ ਸਰਕਾਰ ਨੇ ਘੱਟ ਰਹੀ ਅੰਤਰਰਾਸ਼ਟਰੀ ਕੀਮਤ ਦਾ ਲਾਭ ਆਪਣੇ ਖਜ਼ਾਨੇ ਵਿੱਚ ਰੱਖਿਆ ਹੋਇਆ ਹੈ । ਇਸ ਦੇ ਲਈ ਉਸਨੇ ਐਕਸਾਈਜ਼ ਡਿਊਟੀ ਵਧਾਉਣ ਦਾ ਸਹਾਰਾ ਲਿਆ ਹੈ । ਹੁਣ ਤੇਲ ਕੰਪਨੀਆਂ ਨੂੰ ਸਸਤੇ ਕੱਚੇ ਤੇਲ ਦਾ ਲਾਭ ਨਹੀਂ ਮਿਲੇਗਾ, ਕਿਉਂਕਿ ਉਨ੍ਹਾਂ ਨੂੰ ਪੈਟਰੋਲ ‘ਤੇ 10 ਰੁਪਏ ਅਤੇ ਡੀਜ਼ਲ ‘ਤੇ 13 ਰੁਪਏ ਪ੍ਰਤੀ ਲੀਟਰ ਦੀ ਦਰ ‘ਤੇ ਐਕਸਾਈਜ਼ ਡਿਊਟੀ ਦੇਣੀ ਪਏਗੀ ।