Government of Maharashtra responsible : ਪਿਛਲੇ ਕੁਝ ਦਿਨਾਂ ਤੋਂ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਵਿਚ ਫਸੇ ਸ਼ਰਧਾਲੂਆਂ ਦੇ ਵਾਪਸ ਆਉਣ ਤੋਂ ਬਾਅਦ ਪੰਜਾਬ ਸਰਕਾਰ ਦੀਆਂ ਚਿੰਤਾਵਾਂ ਬਹੁਤ ਵਧ ਗਈਆਂ ਹਨ। ਸੂਬੇ ਵਿਚ ਕੁੱਲ 1153 ਇੰਫੈਕਟਿਡ ਮਰੀਜਾਂ ਵਿਚੋਂ 695 ਨਾਂਦੇੜ ਤੋਂ ਵਾਪਸ ਆਏ ਸ਼ਰਧਾਲੂ ਹਨ। ਇਸ ਦੌਰਾਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਹਾਲਾਤ ਮਹਾਰਾਸ਼ਟਰ ਸਰਕਾਰ ਦੀ ਗਲਤੀ ਕਾਰਨ ਗੰਭੀਰ ਹੋਏ ਹਨ। ਬੀਤੇ ਦਿਨੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸ਼ਰਧਾਲੂਆਂ ਦੀ ਵਾਪਸੀ ਦੇ ਪ੍ਰਬੰਧਾਂ ਵਿਚ ਲਾਪ੍ਰਵਾਹੀ ਲਈ ਸਿੱਖ ਸਮੁਦਾਇ ਤੋਂ ਮੁਆਫੀ ਮੰਗਣ ਨੂੰ ਕਿਹਾ ਹੈ। ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੁੱਦੇ ਵਿਰੋਧੀ ਧਿਰਾਂ ਨੂੰ ਤੰਗਦਿਲੀ ਰਾਜਨੀਤੀ ਨਾ ਕਰਨ ਲਈ ਵੀ ਕਿਹਾ ਹੈ।
ਮਹਾਰਾਸ਼ਟਰ ਸਰਕਾਰ ਦੇ ਮੰਤਰੀ ਅਸ਼ੋਕ ਚਵਾਨ ਦਾ ਕਹਿਣਾ ਹੈ ਕਿ ਪੰਜਾਬ ਤੋਂ ਆਈਆਂ 78 ਬੱਸਾਂ ਵਿਚ ਭੇਜੇ ਗਏ ਸਾਰੇ ਸ਼ਰਧਾਲੂਆਂ ਦੇ ਟੈਸਟ ਅਸੀਂ ਕਰਾਏ ਸੀ। ਇਥੋਂ ਜਾਣ ਤਕ ਕਿਸੇ ਵਿਚ ਵੀ ਕੋਰੋਨਾ ਦੇ ਲੱਛਣ ਨਹੀਂ ਸਨ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬਿਆਨ ਜਾਰੀ ਕੀਤਾ ਹੈ ਕਿ ਪੰਜਾਬ ਵਿਚ ਵਿਗੜੇ ਹਾਲਾਤ ਦਾ ਕਾਰਨ ਸਿੱਧੇ ਤੌਰ ‘ਤੇ ਮਹਾਰਾਸ਼ਟਰ ਸਰਕਾਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਸਰਕਾਰ ਵਲੋਂ ਸ੍ਰੀ ਨਾਂਦੜੇ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦਾ ਕੋਰੋਨਾ ਟੈਸਟ ਨਹੀਂ ਕਰਵਾਇਆ।
ਪੰਜਾਬ ਵਿਚ ਸਾਹਮਣੇ ਆਏ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਦੇ ਅੰਮ੍ਰਿਤਸਰ ’ਚ 208, ਲੁਧਿਆਣਾ ’ਚ 122, ਜਲੰਧਰ ’ਚ 128, ਮੋਹਾਲੀ ’ਚ 94, ਪਟਿਆਲਾ ’ਚ 87, ਹੁਸ਼ਿਆਰਪੁਰ ’ਚ 86, ਤਰਨਤਾਰਨ ’ਚ 40, ਪਠਾਨਕੋਟ ’ਚ 25, ਮਾਨਸਾ ’ਚ 16, ਕਪੂਰਥਲਾ ’ਚ 15, ਫਰੀਦਕੋਟ ’ਚ 6, ਸੰਗਰੂਰ ’ਚ 62, ਨਵਾਂਸ਼ਹਿਰ ’ਚ 85, ਰੂਪਨਗਰ ’ਚ 16, ਫਿਰੋਜ਼ਪੁਰ ’ਚ 27, ਬਠਿੰਡਾ ’ਚ 35, ਫਤਿਹਗੜ੍ਹ ਸਾਹਿਬ ’ਚ 16, ਬਰਨਾਲਾ ’ਚ 19, ਫਾਜ਼ਿਲਕਾ ’ਚ 4, ਮੋਗਾ ’ਚ 28, ਮੁਕਤਸਰ ਸਾਹਿਬ ’ਚ 50 ਪੀੜਤਾਂ ਦੀ ਪੁਸ਼ਟੀ ਹੋ ਚੁੱਕੀ ਹੈ ।