Govt jobs to 6 people with fake : ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੋਮਵਾਰ ਨੂੰ ਤਰਨਤਾਰਨ ਜ਼ਿਲ੍ਹੇ ਦੇ ਮੀਆਂਵਿੰਡ ਵਿੱਚ ਮੁਲਾਜ਼ਮਾਂ ਨੂੰ ਮ੍ਰਿਤਕ ਦੱਸ ਕੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਦਿਆਂ ਤਰਸ ਦੇ ਅਧਾਰ ’ਤੇ ਸਰਕਾਰੀ ਨੌਕਰੀ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨ ਵਾਲੇ ਐਸਐਮਓ ਸਣੇ ਪੰਜ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ। ਜਾਂਚ ਵਿੱਚ 6 ਲੋਕਾਂ ਦੇ ਡੈੱਥ ਸਰਟੀਫਿਕਟ ਫਰਜ਼ੀ ਪਾਏ ਗਏ ਸਨ ਨਾਲ ਹੀ ਸਰਕਾਰ ਵੱਲੋਂ ਮੁਆਵਜ਼ਾ ਵੀ ਦਿਵਾਇਆ ਗਿਆ ਸੀ।
ਸਿਹਤ ਵਿਭਾਗ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਇਹ ਪਤਾ ਲੱਗਿਆ ਹੈ ਕਿ ਤਰਨਤਾਰਨ ਜ਼ਿਲ੍ਹੇ ਵਿੱਚ ਛੇ ਵਿਅਕਤੀਆਂ ਨੇ ਝੂਠੇ ਦਸਤਾਵੇਜ਼ਾਂ ਨਾਲ ਤਰਸ ਦੇ ਅਧਾਰ ‘ਤੇ ਸਰਕਾਰੀ ਨੌਕਰੀ ਪ੍ਰਾਪਤ ਕੀਤੀ ਸੀ, ਜਿਨ੍ਹਾਂ ਨੂੰ ਹੁਣ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਐਸਐਮਓ ਡਾ. ਨਵੀਨ ਖੁੰਗਰ, ਸਿਵਲ ਸਰਜਨ ਦਫ਼ਤਰ ਦੇ ਸੀਨੀਅਰ ਸਹਾਇਕ ਹਰਵਿੰਦਰ ਸਿੰਘ (ਅਸਥਾਈ ਤੌਰ ‘ਤੇ ਸੀਐਚਸੀ ਮੀਆਂਵਿੰਡ ਵਿਖੇ ਤਾਇਨਾਤ), ਸੀਨੀਅਰ ਸਹਾਇਕ ਰਵਿੰਦਰਪਾਲ ਸਿੰਘ, ਸੁਪਰਡੈਂਟ ਦਲਜੀਤ ਸਿੰਘ ਅਤੇ ਸੀਨੀਅਰ ਸਹਾਇਕ ਜਸਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੋਸ਼ੀਆਂ ਨੇ ਫਰਜ਼ੀ ਡੈੱਥ ਸਰਟੀਫਿਕੇਟ ਦੇ ਆਧਾਰ ’ਤੇ ਉਨ੍ਹਾਂ ’ਤੇ ਨਿਰਭਰ ਲੋਕਾਂ ਨੂੰ ਸਰਕਾਰੀ ਨੌਕਰੀ ਹੀ ਨਹੀਂ ਦਿਵਾਈ, ਸਗੋਂ 1-1 ਲੱਖ ਰੁਪਏ ਮੁਆਵਜ਼ੇ ਦਾ ਵੀ ਚੈੱਕ ਦਿਵਾਇਆ ਸੀ।
ਬੁਲਾਰੇ ਨੇ ਦੱਸਿਆ ਕਿ ਵਿਭਾਗ ਨੇ ਉਸ ਸਮੇਂ ਦੇ ਸਿਵਲ ਸਰਜਨ ਤਰਨ ਤਾਰਨ, ਡਾ: ਅਨੂਪ ਕੁਮਾਰ (ਸੇਵਾ ਮੁਕਤ) ਵਿਰੁੱਧ ਕਾਰਵਾਈ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਉਪਰੋਕਤ ਮੁਅੱਤਲ ਕੀਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਅਪਰਾਧਿਕ ਕੇਸ ਦਰਜ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ।