ਚੰਡੀਗੜ੍ਹ: ਪੰਜਾਬ ਸਰਕਾਰ ਸੂਬੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਸਖਤ ਕਦਮ ਚੁੱਕਣ ਜਾ ਰਹੀ ਹੈ। ਦਰਅਸਲ, ਸਰਕਾਰ ਸ਼ਰਾਬ ਦੀ ਸਪਲਾਈ ਨੂੰ ਟਰੇਸ ਕਰਨ ਲਈ ਕਿਊਆਰ (QR) ਕੋਡ ਅਧਾਰਤ ਟ੍ਰੈਕ ਅਤੇ ਟਰੇਸ ਮੈਕੇਨਿਜ਼ਮ ਸਥਾਪਤ ਕਰੇਗੀ।
ਇਸ ਤੋਂ ਇਲਾਵਾ ਪੰਜਾਬ ਦੇ ਦਿਹਾਤੀ ਇਲਾਕਿਆਂ ਵਿਚ ਮਲ, ਚਿੱਕੜ ਤੇ ਸੇਪਟੇਜ ਪ੍ਰਬੰਧਨ (ਐਫਐਸਐਸਐਮ) ਨੂੰ ਲਾਗੂ ਕਰਨ ਲਈ ਇਕ ਤਕਨੀਕੀ ਸਹਾਇਤਾ ਇਕਾਈ (ਟੀਐਸਯੂ) ਬਣਾਈ ਜਾਵੇਗੀ। ਮੁੱਖ ਸਕੱਤਰ ਵਿਨੀ ਮਹਾਜਨ ਦੀ ਪ੍ਰਧਾਨਗੀ ਹੇਠ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀਆਈਡੀਬੀ) ਦੀ ਕਾਰਜਕਾਰੀ ਕਮੇਟੀ ਦੀ 157ਵੀਂ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ।
ਮੁੱਖ ਸਕੱਤਰ ਨੇ ਦੱਸਿਆ ਕਿ ਕਿ ਕਿਊਆਰ ਕੋਡ ਅਧਾਰਤ ਟਰੈਕ ਅਤੇ ਟਰੇਸ ਵਿਧੀ ਨੂੰ ਪਬਲਿਕ ਪ੍ਰਾਈਵੇਟ ਭਾਈਵਾਲੀ (ਪੀਪੀਪੀ) ਮੋਡ ਵਿੱਚ ਤਿਆਰ ਕੀਤਾ ਗਿਆ ਹੈ, ਜੋ ਕਿ ਰੀਅਲ ਟਾਈਮ ਡਾਟਾ ਮਾਨੀਟਰਿੰਗ ਰਾਹੀਂ ਨਕਲੀ ਸ਼ਰਾਬ ਦੇ ਉਤਪਾਦਨ ਅਤੇ ਸਪਲਾਈ ਦੀ ਪ੍ਰਭਾਵਸ਼ਾਲੀ ਚੈਕਿੰਗ ਵਿੱਚ ਸਹਾਇਤਾ ਕਰੇਗਾ।
ਰਾਜ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਵਿਨੀ ਮਹਾਜਨ ਨੇ ਸਬੰਧਤ ਵਿਭਾਗਾਂ ਨੂੰ ਰਾਜ ਵਿਚ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਨੂੰ ਲਾਗੂ ਕਰਨ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਨਾਲ ਹੀ ਪੀਆਈਡੀਬੀ ਦੀ ਕਾਰਜਕਾਰੀ ਕਮੇਟੀ ਨੇ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਤੀਜੇ ਪੜਾਅ ਲਈ 300 ਕਰੋੜ ਰੁਪਏ ਦੇ ਕਰਜ਼ੇ ਨੂੰ ਪ੍ਰਵਾਨਗੀ ਦਿੱਤੀ।
ਇਹ ਵੀ ਪੜ੍ਹੋ : ਜਲੰਧਰ ਪਹੁੰਚੇ ਸਿੱਧੂ ਦਾ ਮੀਂਹ ਦੌਰਾਨ ਜ਼ੋਰਦਾਰ ਸਵਾਗਤ, ਸਮਰਥਕਾਂ ਨਾਲ ਪਹੁੰਚੇ ਬਾਵਾ ਹੈਨਰੀ
ਸੰਗਰੂਰ ਕੋਠੀ, ਦਰਬਾਰ ਹਾਲ, ਕਪੂਰਥਲਾ ਵਿਚ ਗੋਲ ਕੋਠੀ ਅਤੇ ਪਟਿਆਲਾ ਦੇ ਰਾਨ ਬਾਸ, ਕਿਲ੍ਹਾ ਮੁਬਾਰਕ ਵਿਖੇ ਚੱਲ ਰਹੇ ਕੰਮਾਂ ਦੀ ਸਮੀਖਿਆ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਕੈਪਟਨ ਸਰਕਾਰ ਰਾਜ ਦੀ ਅਮੀਰ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਹੈ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪੀਪੀਪੀ ਮੋਡ ‘ਤੇ ਅੰਮ੍ਰਿਤਸਰ ਵਿਖੇ ਸਰਕਟ ਹਾਊਸ ਦੇ ਵਿਕਾਸ, ਸੰਚਾਲਨ ਅਤੇ ਰੱਖ-ਰਖਾਅ ਬਾਰੇ ਵਿਚਾਰ ਵਟਾਂਦਰੇ ਦੌਰਾਨ ਕੰਮ ਦੇ ਸਮੇਂ ਸਿਰ ਮੁਕੰਮਲ ਹੋਣ ਨੂੰ ਯਕੀਨੀ ਬਣਾਉਣ।