Govt will conduct a survey to : ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਸੂਬੇ ਵਿਚ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦੇ ਮਾਮਲੇ ’ਚ ਅੰਕੜਿਆਂ ਸਹਿਤ ਠੋਸ ਅਤੇ ਸਹੀ ਜਾਣਕਾਰੀ ਇਕੱਠਾ ਕਰਨ ਲਈ ਵੱਖ-ਵੱਖ ਪਿੰਡਾਂ ਵਿਚ ਸਰਵੇਅ ਕਰਵਾਇਆ ਜਾਵੇਗਾ, ਜਿਸ ਵਿਚ ਪਤਾ ਲਗਾਇਆ ਜਾਵੇਗਾ ਕਿ ਕਿੰਨੇ ਕਿਸਾਨਾਂ ਵੱਲੋਂ ਕਿਨ੍ਹਾਂ ਕਾਰਨਾਂ ਦੇ ਚੱਲਦਿਆਂ ਖੁਦਕੁਸ਼ੀ ਕੀਤੀ ਗਈ ਹੈ। ਇਸ ਦੇ ਲਈ ਹਰੇਕ ਪਿੰਡ ਦੇ ਪੰਚਾਂ ਤੇ ਸਰਪੰਚਾਂ ਦਾ ਸਹਿਯੋਗ ਲੈ ਕੇ ਉਸ ਪਿੰਡ ਦੇ ਕਿਸਾਨਾਂ ਦਾ ਪੂਰਾ ਕਰਵਾਇਆ ਬਿਓਰਾ ਇਕੱਠਾ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਪਿੰਡ ਵਿਚ ਹਰ ਸੀਜ਼ਨ ਵਿਚ ਕਿਸਾਨਾਂ ਵੱਲੋਂ ਉਤਪਾਦਨ ਕੀਤੀ ਜਾਣਵਾਲੀ ਫਸਲ ਅਤੇ ਪਿੰਡ ਵਿਚ ਕਿਸਾਨਾਂ ਕੋਲ ਸੋਮਿਆਂ ਦੀ ਵਿਵਸਥਾ ਸਬੰਧੀ ਵੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਇਸ ਤੋਂ ਬਾਅਦ ਇਨ੍ਹਾਂ ਅੰਕੜਿਆਂ ਦੀ ਸਹੀ ਜਾਣਕਾਰੀ ਇਕੱਠੀ ਕਰਕੇ ਸੂਬੇ ਵਿਚ ਕਿਸਾਨਾਂ ਦੀ ਸਥਿਤੀ ਦਾ ਮੁਲਾਂਕਣ ਕੀਤਾ ਜਾਵੇਗਾ, ਜਿਸ ਦੇ ਲਈ ਸਰਕਾਰ ਵੱਲੋਂ ਇਕ ਕਮੇਟੀ ਬਣਾਈ ਜਾਵੇਗੀ। ਇਸ ਵਿਚ ਖੇਤੀਬਾੜੀ ਵਿਭਾਗ, ਸਹਿਕਾਰਤਾ ਵਿਭਾਗ, ਬੈਂਕਿੰਗ ਮਾਹਿਰ ਤੇ ਪੰਚਾਇਤ ਤੇ ਪੇਂਡੂ ਵਿਕਾਸ ਵਿਭਾਗ ਦੇ ਅਫਸਰ ਸ਼ਾਮਲ ਹੋਣਗੇ। ਇਸ ਟੀਮ ਵੱਲੋਂ ਕਿਸਾਨਾਂ ਦੇ ਹਿੱਤ ਵਿਚ ਯੋਜਨਾਵਾਂ ਲਾਗੂ ਕਰਵਾਉਣ ਵਿਚ ਮਦਦ ਮਿਲੇਗੀ।
ਇਸ ਦੇ ਲਈ ਕਮੇਟੀ ਦੇ ਮੈਂਬਰ 12700 ਪਿੰਡਾਂ ਦਾ ਦੌਰਾ ਕਰਨਗੇ ਤੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਕ ਹਾਲਾਤਾਂ ਦੀ ਸਥਿਤੀ ਦਾ ਵੀ ਜਾਇਜ਼ਾ ਲੈਣਗੇ। ਸਰਵੇਅ ਰਿਪੋਰਟ ਵਿਚ ਕਿਸਾਨਾਂ ਦੇ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ, ਜਿਸ ਤੋਂ ਬਾਅਦ ਮਾਹਰਾਂ ਦੀ ਸਲਾਹ ਨਾਲ ਇਨ੍ਹਾਂ ਖੁਦਕੁਸ਼ੀਆੰ ਨੂੰ ਰੋਕਣ ਲਈ ਠੋਸ ਯੋਜਨਾ ਤਿਆਰ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਸਰਕਾਰ ਕੋਲ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਸਹੀ ਅੰਕੜੇ ਮੌਜੂਦ ਨਹੀਂ ਹਨ ਅਤੇ ਨਾ ਹੀ ਖੁਦਕੁਸ਼ੀ ਦੇ ਕਾਰਨਾਂ ਬਾਰੇ ਸਰਕਾਰ ਨੂੰ ਕੁਝ ਪਤਾ ਹੈ। ਵਧੇਰੇ ਮਾਮਲਿਆਂ ਵਿਚ ਕਰਜ਼ੇ ਕਰਕੇ ਹੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ, ਇਸ ਲਈ ਸਰਕਾਰ ਸਹੀ ਕਾਰਣ ਅਤੇ ਅੰਕੜੇ ਇਕੱਠਾ ਕਰਕੇ ਯੋਜਨਾਵਾਂ ਬਣਾਏਗੀ।