Grant issued by Punjab Govt : ਚੰਡੀਗੜ : ਪੰਜਾਬ ਵਿੱਚ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ’ਚ ਤਬਦੀਲ ਕਰਨ ਦੇ ਨਾਲ-ਨਾਲ ਪੰਜਾਬ ਸਰਕਾਰ ਵੱਲੋਂ ਸਮਾਰਟ ਕਲਾਸਰੂਮਜ਼ ਦੀ ਦਿੱਖ ਸੁਧਾਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ, ਜਿਸ ਦੇ ਲਈ ਪੰਜਾਬ ਸਰਕਾਰ ਵੱਲੋਂ 11 ਕਰੋੜ 97 ਲੱਖ 42 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ, ਜਿਨ੍ਹਾਂ ਨੂੰ 16,359 ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸਥਾਪਿਤ ਕੀਤੇ ਗਏ ਸਮਾਰਟ ਕਲਾਸਰੂਮਾਂ ਦੀ ਦਿੱਖ ਹੋਰ ਸੋਹਣੀ ਬਣਾਉਣ ਲਈ ਵਰਤਿਆ ਜਾਵੇਗਾ।
ਇਹ ਜਾਣਕਾਰੀ ਸਕੂਲ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦਿੰਦਿਆਂ ਦੱਸਿਆ ਕਿ ਸਮਾਰਟ ਕਲਾਸਰੂਮਾਂ ਵਿੱਚ ਪ੍ਰੋਜੈਕਟਰਾਂ ਦੀ ਉਪਲਬਧਤਾ ਦੇ ਨਾਲ-ਨਾਲ ਕਮਰਿਆਂ ਦੀ ਦਿੱਖ ਸੁਧਾਰਨ ਲਈ ਪੰਜਾਬ ਸਰਕਾਰ ਨੇ 3,000 ਰੁਪਏ ਪ੍ਰਤੀ ਸਮਾਰਟ ਕਲਾਸਰੂਮ ਸਕੂਲਾਂ ਨੂੰ ਦਿੱਤਾ ਗਿਆ ਹੈ। ਪ੍ਰਾਇਮਰੀ ਅਤੇ ਮਿਡਲ ਸਕੂਲਾਂ ਨੂੰ 2-2 ਕਲਾਸਰੂਮਜ਼ ਲਈ 6000-6000 ਰੁਪਏ, ਹਾਈ ਸਕੂਲਾਂ ਨੂੰ 3-3 ਸਮਾਰਟ ਕਲਾਸਰੂਮਜ਼ ਲਈ 9000-9000 ਰੁਪਏ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ 5-5 ਸਮਾਰਟ ਕਲਾਸਰੂਮਜ਼ ਲਈ 15000-15000 ਰੁਪਏ ਗ੍ਰਾਂਟ ਜਾਰੀ ਕੀਤੀ ਗਈ ਹੈ।
ਇਸ ਨਾਲ ਕਲਾਸਰੂਮ ਵਿੱਚ ਪੇਂਟ ਜਾਂ ਬਾਲਾ ਵਰਕ ਕਰਵਾਉਣ, ਕਲਾਸਰੂਮ ਦੇ ਬਾਹਰ ਡੋਰ ਮੈਟ, ਖਿੜਕੀ ਦਰਵਾਜ਼ਿਆਂ ਦੇ ਪਰਦਿਆਂ ਲਈ, ਕਲਾਸਰੂਮ ਵਿੱਚ ਡਿਸਪਲੇ ਬੋਰਡ ਲਈ, ਪਾਠਕ੍ਰਮ ਹੈਂਡਲਰ, ਮਾਰਕਰ-ਡਸਟਰ ਹੈਂਡਲਰ, ਕੀ-ਬੋਰਡ, ਮਾਊਸ ਅਤੇ ਪ੍ਰੋਜੈਕਟਰ ਦੇ ਰਿਮੋਟ ਦੇ ਸੁਰੱਖਿਆ ਬਕਸੇ, ਪੁਆਇੰਟਰ, ਲੇਜ਼ਰ ਲਾਇਟ, ਕੂੜਾਦਾਨ ਆਦਿ ਖਰੀਦੇ ਜਾਣਗੇ। ਇਸ ਸੰਬੰਧੀ ਸਿੱਖਿਆ ਵਿਭਾਗ ਵੱਲੋਂ ਸਮੂਹ ਜ਼ਿਲਾ ਸਿੱਖਿਆ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਇਸ ਫੰਡ ਨੂੰ ਕਮਰਿਆਂ ਦੀ ਦਿੱਖ ਸੁਧਾਰਨ ਲਈ ਵਰਤੇ ਜਾਣ ਨੂੰ ਯਕੀਨੀ ਬਣਾਇਆ ਜਾਵੇਗਾ। ਵਿਭਾਗ ਵੱਲੋਂ ਇਸ ਦੀ ਰਿਪੋਰਟ ਦੇਣ ਲਈ ਸਮਾਰਟ ਸਕੂਲ ਮੈਂਟਰਾਂ ਅਤੇ ਵੱਖ-ਵੱਖ ਵਿਸ਼ਿਆਂ ਦੇ ਜ਼ਿਲਾ ਮੈਂਟਰਾਂ ਦੀ ਡਿਊਟੀ ਲਗਾਈ ਗਈ ਹੈ।