Gurmeet Ram Rahim wrote : ਸਿਰਸਾ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਨੇ ਰੋਹਤਕ ਦੀ ਸੁਨਾਰੀਆ ਜੇਲ੍ਹ ’ਚੋਂ ਆਪਣੀ ਮਾਂ ਦੇ ਨਾਂ ਚਿੱਠੀ ਲਿਖੀ ਹੈ ਜਿਸ ਵਿਚ ਉਸ ਨੇ ਦਾਅਵਾ ਕੀਤਾ ਹੈ ਕਿ ਉਹ ਸਾਰੀ ਉਮਰ ਗੁਰੂ ਵਜੋਂ ਸੇਵਾਵਾਂ ਨਿਭਾਉਂਦਾ ਰਹੇਗਾ। ਰਾਮ ਰਹੀਮ ਵੱਲੋਂ ਲਿਖੇ ਇਸ ਪੱਤਰ ਦੇ ਨਾਲ ਹੁਣ ਡੇਰਾ ਦਾ ਨਵਾਂ ਮੁਖੀ ਬਣਾਉਣ ਦੀਆਂ ਚਰਚਾਵਾਂ ’ਤੇ ਰੋਕ ਲੱਗ ਗਈ ਹੈ। ਚਿੱਠੀ ਵਿਚ ਰਾਮ ਰਹੀਮ ਨੇ ਆਪਣੀ ਮਾਂ ਨੂੰ ਕੋਰੋਨਾ ਸਬੰਧੀ ਸਲਾਹ ਦਿੰਦਿਆਂ ਸਾਵਧਾਨੀ ਵਰਤਣ ਲਈ ਕਿਹਾ ਹੈ। ਉਸ ਨੇ ਚਿੱਠੀ ਵਿਚ ਆਪਣੀ ਮਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਜੇਲ ਤੋਂ ਆ ਕੇ ਉਸ ਦਾ ਇਲਾਜ ਕਰਵਾਏਗਾ। ਇਹ ਚਿੱਠੀ ਡੇਰੇ ਦੀ ਵਾਈਸ ਚੇਅਰਪਰਸਨ ਸ਼ੋਭਾ ਇੰਸਾ ਵੱਲੋਂ ਟਵਿੱਟਰ ‘ਤੇ ਸ਼ੇਅਰ ਕੀਤੀ ਗਈ ਹੈ, ਜਿਸ ਨੂੰ ਹਨੀਪ੍ਰੀਤ ਨੇ ਰੀਟਵੀਟ ਕੀਤਾ ਹੈ। ਚਿੱਠੀ ਵਿਚ ਉਸ ਨੇ ਲਿਖਿਆ ਹੈ ਕਿ ਜਦੋਂ ਤੋਂ ਪ੍ਰਮਾਤਮਾ ਨੇ ਉਸ ਨੂ ਗੁਰੂ ਬਣਾਇਆ ਹੈ ਤੇ ਉਹ ਸਾਰੀ ਉਮਰ ਇਸ ਫਰਜ਼ ਨੂੰ ਨਿਭਾਉਂਦਾ ਰਹੇਗਾ।
ਦੱਸ ਦਈਏ ਕਿ ਦੋ ਸਾਧਵੀਆਂ ਨਾਲ ਜਬਰ-ਜ਼ਨਾਹ ਤੇ ਰਾਮਚੰਦਰ ਛੱਤਰਪਤੀ ਹੱਤਿਆਕਾਂਡ ਦੇ ਦੋਸ਼ ਵਿਚ ਜੇਲ੍ਹ ਵਿਚ ਸਜ਼ਾ ਕੱਟ ਰਹੇ ਰਾਮ ਰਹੀਮ ਨੇ ਕਈ ਵਾਰ ਮਾਂ ਦੀ ਖ਼ਰਾਬ ਸਿਹਤ ਤੇ ਹੋਰਨਾਂ ਕਰਨਾ ਦਾ ਹਵਾਲਾ ਦਿੰਦਿਆਂ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਉਣ ਦੀ ਅਪੀਲ ਕੀਤੀ ਗਈ ਪਰ ਹਰ ਵਾਰ ਇਸ ਕਾਰਨ ਨੂੰ ਉਚਿਤ ਨਾ ਮੰਨਦੇ ਹੋਏ ਉਸ ਦੀ ਅਪੀਲ ਨੂੰ ਖਾਰਿਜ ਕਰ ਦਿੱਤਾ ਗਿਆ।
ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਸਜ਼ਾ ਭੁਗਤ ਰਹੇ ਰਾਮ ਰਹੀਮ ਨੇ ਪਹਿਲਾਂ 14 ਮਈ ਨੂੰ ਤੇ 11 ਦਿਨ ਪਹਿਲਾਂ ਆਪਣੇ ਪੈਰੋਕਾਰਾਂ ਤੇ ਮਾਂ ਦੇ ਨਾਂ ਚਿੱਠੀ ਲਿਖੀ ਸੀ ਹੁਣ ਉਸ ਨੇ ਆਪਣੀ ਮਾਂ ਦੇ ਨਾਂ ਚਿੱਠੀ ਲਿਖੀ। ਇਸ ਵਿਚ ਉਸ ਨੇ ਲਿਖਿਆ ਕਿ ਉਸ ਦੇ ਪੈਰੋਕਾਰ ਜਸਮੀਤ, ਚਰਣਪ੍ਰੀਤ, ਹਨੀਪ੍ਰੀਤ ਤੇ ਡੇਰਾ ਦੇ ਸੇਵਾਦਾਰ ਅੱਜ ਵੀ ਇਕ ਹਨ। ਡੇਰਾ ਸੱਚਾ ਸੌਦਾ ਵਿਚ ਕਿਸੇ ਤਰ੍ਹਾਂ ਦੀ ਕੋਈ ਗੁੱਟਬਾਜ਼ੀ ਨਹੀਂ ਹੈ। ਚਿੱਠੀ ਵਿਚ ਉਸ ਨੇ ਡੇਰੇ ਦੇ ਸ਼ਰਧਾਲੂਆਂ ਨੂੰ ਸਰਕਾਰ ਦੀ ਅਪੀਲ ’ਤੇ ਖੂਨਦਾਨ ਕਰਨ ਲਈ ਵੀ ਕਿਹਾ। ਉਸ ਨੇ ਸ਼ਰਧਾਲੂਆਂ ਨੂੰ ਕੋਰੋਨਾ ਤੋਂ ਬਚਣ ਲਈ ਕਾੜ੍ਹਾ ਪੀਣ ਦੀ ਸਲਾਹ ਦਿੱਤੀ ਜੋਕਿ ਉਸ ਨੇ ਆਪਣੀ ਪਹਿਲਾਂ ਲਿਖੀ ਚਿੱਠੀ ਵਿਚ ਦੱਸਿਆ ਸੀ।