Gutka Sahib insulted by Granthi : ਗੁਰਦਾਸਪੁਰ ਦੇ ਜ਼ਿਲ੍ਹਾ ਬਟਾਲਾ ਵਿੱਚ ਇੱਕ ਗ੍ਰੰਥੀ ਵੱਲੋਂ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗ੍ਰੰਥੀ ਨੇ ਗੁਟਕਾ ਸਾਹਿਬ ਦੇ ਅੰਗ ਨੂੰ ਸਾੜ ਕੇ ਨਸ਼ਟ ਕਰ ਦਿੱਤਾ। ਇਹ ਘਟਨਾ ਬੀਤੇ ਦਿਨ ਸਵੇਰੇ ਅੱਠ ਵਜੇ ਵਾਪਰੀ, ਇਸ ਬਾਰੇ ਸਵੇਰੇ ਪਿੰਡ ਦੀ ਔਰਤ ਨੂੰ ਪਤਾ ਲੱਗਾ, ਜਿਸ ਨੇ ਪਿੰਡ ਦੇ ਲੋਕਾਂ ਨੂੰ ਜਾਣਕਾਰੀ ਦਿੱਤੀ। ਮੌਕੇ ‘ਤੇ ਡੀਐਸਪੀ ਡੇਰਾ ਬਾਬਾ ਨਾਨਕ ਸੁਰਿੰਦਰਪਾਲ ਸਿੰਘ ਲਿੱਦੜ, ਸਟੇਸ਼ਨ ਇੰਚਾਰਜ ਡੇਰਾ ਬਾਬਾ ਨਾਨਕ ਐਸਐਚਓ ਅਨਿਲ ਪਵਾਰ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ’ ’ਤੇ ਪਹੁੰਚੇ।
ਜਦੋਂ ਪੁਲਿਸ ਨੇ ਗੁਰਦੁਆਰੇ ਵਿਚ ਲੱਗੇ ਸੀਸੀਟੀਵੀ ਫੁਟੇਜ ਦੀ ਤਲਾਸ਼ੀ ਲਈ ਤਾਂ ਪਤਾ ਲੱਗਾ ਕਿ ਗ੍ਰੰਥੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪਹਿਲਾਂ ਗੁਟਕਾ ਸਾਹਿਬ ਦੇ ਪਵਿੱਤਰ ਅੰਗ ਨੂੰ ਸਾੜਿਆ ਅਤੇ ਬਾਅਦ ਵਿਚ ਸਬੂਤਾਂ ਨੂੰ ਮਿਟਾਉਣ ਲਈ ਬਾਥਰੂਮ ਦਾ ਪਾਣੀ ਛੱਡ ਕੇ ਇਸ ਨੂੰ ਨਾਲੀ ਵਿੱਚ ਵਹਾ ਦਿੱਤਾ। ਅੱਧੇ ਸੜੇ ਗੁਟਕਾ ਸਾਹਿਬ ਜੀ ਦੇ ਅੰਗ ਜਦੋਂ ਔਰਤ ਨੇ ਗੁਰਦੁਆਰਾ ਦੇ ਬਾਹਰ ਗਲੀ ਵਿੱਚ ਪਏ ਦੇਖੇ ਤਾਂ ਉਸ ਨੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ।
ਇਥੇ ਦੱਸਣਯੋਗ ਹੈ ਕਿ ਗ੍ਰੰਥੀ ਪਿਛਲੇ ਪੰਦਰਾਂ ਸਾਲਾਂ ਤੋਂ ਪਿੰਡ ਪੱਡਾ ਦੇ ਗੁਰੂਦੁਆਰਾ ਵਿਖੇ ਗ੍ਰੰਥੀ ਵਜੋਂ ਡਿਊਟੀ ਨਿਭਾ ਰਿਹਾ ਸੀ। ਪੁਲਿਸ ਨੇ ਦੋਸ਼ੀ ਗ੍ਰੰਥੀ ਪਲਵਿੰਦਰ ਸਿੰਘ ਨਿਵਾਸੀ ਪਿੰਡ ਕੋਠਾ ਨੂੰ ਮੰਗਲਵਾਰ ਸ਼ਾਮ ਨੂੰ ਉਸਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ। ਪੁਲਿਸ ਵੱਲੋਂ ਮੁਲਜ਼ਮ ਖ਼ਿਲਾਫ਼ ਬੇਅਦਬੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਧਾਰਮਿਕ ਸਮੂਹਾਂ ਅਤੇ ਸਿੱਖ ਸੰਗਠਨਾਂ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ ਹੈ। ਦੂਜੇ ਪਾਸੇ ਡੇਰਾ ਬਾਬਾ ਨਾਨਕ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਅੱਧੇ ਸੜੇ ਅੰਗਾਂ ਨੂੰ ਪੂਰੇ ਸਤਿਕਾਰ ਨਾਲ ਰੱਖਵਾ ਦਿੱਤਾ ਗਿਆ ਹੈ। ਧਾਰਮਿਕ ਸੰਸਥਾਵਾਂ ਨੇ ਗੁਰਦੁਆਰੇ ਦੇ ਗ੍ਰੰਥੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਜੇਕਰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਉਹ ਅੰਦੋਲਨ ਨੂੰ ਹੋਰ ਤੇਜ਼ ਕਰਨਗੇ।