Half a dozen workers burnt : ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ) : ਪਰਾਲੀ ਤੋਂ ਲੱਗੀ ਅੱਗ ਨਾਲ ਪੈਦਾ ਹੋਣ ਵਾਲੇ ਧੂੰਏ ਕਰਕੇ ਰਸਤਾ ਸਾਫ ਦਿਖਾਈ ਨਾ ਦੇਣ ਕਾਰਨ ਝੋਨੇ ਨਾਲ ਭਰਿਆ ਟਰੱਕ ਖੇਤਾਂ ਵਿੱਚ ਪਲਟ ਗਿਆ, ਜਿਸ ਨਾਲ ਟਰੱਕ ਵਿੱਚ ਬੈਠੇ ਅੱਧਾ ਦਰਜਨ ਮਜ਼ਦੂਰ ਅੱਗ ਵਿੱਚ ਝੁਲਸ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਧਰਮਗੜ ਦੇ ਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਝੋਨੇ ਨਾਲ ਭਰੇ ਟਰੱਕ ਸੁਨਾਮ ਅਨਾਜ ਮੰਡੀ ਤੋਂ ਗੰਢੂਆ ਵੱਲ ਜਾ ਰਹੇ ਸਨ। ਇਸੇ ਰੋਡ ’ਤੇ ਇੱਕ ਖੇਤ ਵਿੱਚ ਪਰਾਲੀ ਨੂੰ ਅੱਗ ਲਗਾਈ ਗਈ ਸੀ। ਇਸ ਦੇ ਧੂੰਏ ਨਾਲ ਡਰਾਈਵਰ ਨੂੰ ਅੱਗੇ ਦਾ ਰਸਤਾ ਸਾਫ ਦਿਖਾਈ ਨਹੀਂ ਦਿੱਤਾ, ਜਿਸ ਨਾਲ ਟਰੱਕ ਖੇਤ ਵੱਲ ਪਲਟ ਗਿਆ ਅਤੇ ਇਸ ਵਿੱਚ ਬੈਠੇ ਮਜ਼ਜੂਰ ਅੱਗ ਵਿੱਚ ਡਿੱਗ ਗਏ, ਜਿਸ ਨਾਲ ਉਹ ਝੁਲਸ ਗਏ। ਉਨ੍ਹਾਂ ਦੱਸਿਆ ਕਿ ਅੱਗ ਨਾਲ ਝੁਲਸੇ ਹਏ ਮਜ਼ਦੂਰਾਂ ਨੂੰ ਸੁਨਾਮ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਤਿੰਨ ਮਜ਼ਦੂਰਾਂ ਨੂੰ ਸਿਵਲ ਹਸਪਤਾਲ ਸੁਨਾਮ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕਰੇਗੀ।
ਦੱਸਣਯੋਗ ਹੈ ਕਿ ਪੰਜਾਬ ਵਿੱਚ ਪਰਾਲੀਆਂ ਸਾੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਨੈਸ਼ਨਲ ਐਰੋਨੋਟਿਕਸ ਅਤੇ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਦੇ ਸੈਟੇਲਾਈਟ ਤੋਂ ਸਾਹਮਣੇ ਆਈਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਵਿੱਚ ਦਰਸਾਇਆ ਗਿਆ ਹੈ ਕਿ 25 ਅਕਤੂਬਰ ਤੋਂ ਬਾਅਦ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਨਾਟਕੀ ਢੰਗ ਨਾਲ ਵਾਧਾ ਹੋਇਆ ਹੈ। ਦੱਸਣਯੋਗ ਹੈ ਕਿ ਪੰਜਾਬ ਵਿੱਚ ਇਸ ਸਾਲ 31 ਅਕਤੂਬਰ ਤੱਕ ਰਾਜ ਵਿੱਚ ਪਰਾਲੀ ਸਾੜਨ ਦੇ 25 ਹਜ਼ਾਰ 976 ਮਾਮਲੇ ਸਾਹਮਣੇ ਆਏ ਹਨ। ਸਾਲ 2019 ਵਿਚ ਇਸ ਸਮੇਂ ਤਕ ਇਹ ਅੰਕੜਾ 19 ਹਜ਼ਾਰ ਦੇ ਆਸ-ਪਾਸ ਸੀ ਅਤੇ ਸਾਲ 2018 ਵਿਚ 15 ਹਜ਼ਾਰ ਸੀਮਤ ਸੀ। ਕਿਸਾਨ ਜਨਤਕ ਤੌਰ ‘ਤੇ ਪਰਾਲੀ ਨੂੰ ਅੱਗ ਲਗਾ ਰਹੇ ਹਨ। ਹਵਾ ਵਿਚ ਪ੍ਰਦੂਸ਼ਣ ਦਾ ਪੱਧਰ ਵੱਧ ਰਿਹਾ ਹੈ। ਸਾਰੇ ਪ੍ਰਮੁੱਖ ਸ਼ਹਿਰਾਂ ਦੀ ਹਵਾ ਦੀ ਗੁਣਵੱਤਾ ਦਾ ਸੂਚਕ ਵਿਗੜ ਗਿਆ ਹੈ। ਸਰਕਾਰ ਕਿਸਾਨਾਂ ‘ਤੇ ਐਫਆਈਆਰ ਬਣਾਉਣ ਤੋਂ ਪਰਹੇਜ਼ ਕਰ ਰਹੀ ਹੈ। ਹੁਣ ਤੱਕ ਕੁੱਲ 298 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਪਿਛਲੇ ਇਕ ਹਫਤੇ ਵਿਚ ਕੋਈ ਐਫਆਈਆਰ ਨਹੀਂ ਹੋਈ ਹੈ।