ਬਠਿੰਡਾ : ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਤਲਵੰਡੀ ਸਾਬੋ ਤੇ ਗੋਨਿਆਣਾ ਵਿਖੇ ਦੋ ਪ੍ਰੈਸ਼ਰ ਸਵਿੰਗ ਐਡਸੋਰਬਸ਼ਨ (ਪੀ ਐਸ ਏ) ਆਕਸੀਜ਼ਨ ਪਲਾਂਟ ਲਗਾਏ ਜਾਣ ਲਈ ਐਮ ਪੀ ਲੈਡ ਫੰਡ ਵਿਚੋਂ 1.5 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਤਾਂ ਜੋ ਇਸ ਖਿੱਤੇ ਵਿਚ ਕੋਰੋਨਾ ਮਰੀਜ਼ਾਂ ਲਈ ਆਕਸੀਜਨ ਦੀ ਵਿਵਸਥਾ ਕੀਤੀ ਜਾ ਸਕੇ।
ਪ੍ਰਵਾਨਗੀ ਦੇਣ ਵਾਲਾ ਪੱਤਰ ਅੱਜ ਸਰੂਪ ਚੰਦ ਸਿੰਗਲਾ, ਦਰਸਸ਼ਨ ਸਿੰਘ ਕੋਟਫੱਤਾ ਤੇ ਬਲਕਾਰ ਸਿੰਘ ਬਰਾੜ ਦੀ ਸ਼ਮੂਲੀਅਤ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਵੱਲੋਂ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸੂਬੇ ਦੇ ਦਿਹਾਤੀ ਇਲਾਕੇ ਵਿਚ ਕੋਰੋਨਾ ਦੇ ਕੇਸ ਵੱਧ ਰਹੇ ਹਨ ਜਿਸ ਵਾਸਤੇ ਜ਼ਰੂਰਤ ਹੈ ਕਿ ਮਰੀਜ਼ਾਂ ਲਈ ਮੈਡੀਕਲ ਆਕਸੀਜਨ ਦੀ ਵਿਵਸਥਾ ਦੀ ਕੀਤੀ ਜਾਵੇ ਤਾਂ ਜੋ ਉਹ ਬੀਮਾਰੀ ਤੋਂ ਪਹਿਲੀ ਸਟੇਜ ‘ਚ ਹੀ ਠੀਕ ਹੋ ਜਾਣ। ਉਨ੍ਹਾਂ ਕਿਹਾ ਕਿ ਅਸੀਂ ਆਕਸੀਜਨ ਦੀ ਘਾਟ ਕਾਰਨ ਸੂਬੇ ਵਿਚ ਜ਼ਿਆਦਾ ਮੌਤ ਵੇਖੀ ਹੈ। ਇਸਨੂੰ ਤੁਰੰਤ ਦਰੁੱਸਤ ਕੀਤਾ ਜਾਣਾ ਚਾਹੀਦਾ ਹੈ।
ਬੀਬਾ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਇਹ ਪਲਾਂਟ ਛੇਤੀ ਤੋਂ ਛੇਤੀ ਕੰਮ ਕਰਨਾ ਸ਼ੁਰੂ ਕਰ ਦੇਣ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਇਕ ਪਲਾਂਟ ਤਲਵੰਡੀ ਸਾਬੋ ਦੇ ਸਬ ਡਵੀਜ਼ਨਲ ਹਸਪਤਾਲ ਲਈ ਤੇ ਦੂਜਾ ਗੋਨਿਆਣਾ ਵਿਖੇ ਕਮਿਊਨਿਟੀ ਹੈਲਥ ਸੈਂਟਰ ਲਈ ਪ੍ਰਵਾਨ ਕੀਤਾ ਗਿਆ ਹੈ।